
ਭਾਜਪਾ ਪ੍ਰਧਾਨ ਅਤੇ ਪਾਰਟੀ ਦੇ ਗਾਂਧੀਨਗਰ ਤੋਂ ਉਮੀਦਵਾਰ ਅਮਿਤ ਸ਼ਾਹ ਨੇ ਇਥੇ ਰੋਡ ਸ਼ੋਅ ਕੀਤਾ
ਅਹਿਮਦਾਬਾਦ : ਭਾਜਪਾ ਪ੍ਰਧਾਨ ਅਤੇ ਪਾਰਟੀ ਦੇ ਗਾਂਧੀਨਗਰ ਤੋਂ ਉਮੀਦਵਾਰ ਅਮਿਤ ਸ਼ਾਹ ਨੇ ਇਥੇ ਰੋਡ ਸ਼ੋਅ ਕੀਤਾ ਜਿਥੇ ਉਨ੍ਹਾਂ ਲੋਕਾਂ ਨੂੰ 'ਪੂਰਾ ਕਸ਼ਮੀਰ ਸਾਡਾ ਹੈ' ਦੇ ਨਾਹਰੇ ਲਾਉਣ ਲਈ ਕਿਹਾ। ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਹਾਲ ਹੀ ਵਿਚ ਸ਼ਾਹ ਦੀ ਆਲੋਚਨਾ ਕੀਤੀ ਸੀ ਕਿ ਉਹ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਨੂੰ ਹਟਾਉਣ ਬਾਰੇ ਸੋਚ ਰਹੇ ਹਨ।
ਸ਼ਾਹ ਨੇ ਪਾਰਟੀ ਦੇ 39ਵੇਂ ਸਥਾਪਨਾ ਦਿਵਸ ਮੌਕੇ ਚੋਣ ਪ੍ਰਚਾਰ ਮੁਹਿੰਮ ਵਜੋਂ ਸ਼ਹਿਰ ਵਿਚ ਰੋਡ ਸ਼ੋਅ ਕੀਤਾ। ਅਹਿਮਦਾਬਾਦ ਦੇ ਸਰਖੇਜ ਇਲਾਕੇ ਤੋਂ ਸਵੇਰੇ ਕਰੀਬ ਨੌਂ ਵਜੇ ਸ਼ੁਰੂ ਹੋਏ ਰੋਡ ਸ਼ੋਅ ਤੋਂ ਪਹਿਲਾਂ ਸ਼ਾਹ ਨੇ ਜਨਸੰਘ ਦੇ ਬਾਨੀ ਦੀਨਦਿਆਲ ਉਪਾਧਿਆਏ ਅਤੇ ਹੋਰਾਂ ਦੀਆਂ ਤਸਵੀਰਾਂ ਅੱਗੇ ਫੁੱਲ ਰੱਖੇ। ਸ਼ਾਹ ਨੇ ਉਥੇ ਮੌਜੂਦ ਲੋਕਾਂ ਨੂੰ 'ਜਿਥੇ ਹੋਏ ਬਲੀਦਾਨ ਮੁਖਰਜੀ, ਉਹ ਕਸ਼ਮੀਰ ਸਾਡਾ ਹੈ, ਸਾਰੇ ਦਾ ਸਾਰੇ ਸਾਡਾ ਹੈ' ਦੇ ਨਾਹਰੇ ਲਾਉਣ ਲਈ ਕਿਹਾ।
ਸ਼ਾਹ ਨੇ ਭਾਜਪਾ ਪ੍ਰਧਾਨ ਜੀਤੂ ਵਘਾਨੀ ਨਾਲ ਖੁਲ੍ਹੇ ਵਾਹਨ ਵਿਚ ਰੋਡ ਸ਼ੋਅ ਕੀਤਾ। ਰੋਡ ਸ਼ੋਅ ਅਹਿਮਦਾਬਾਦ ਸ਼ਹਿਰ ਦੇ ਕਈ ਹਿੱਸਿਆਂ ਵਿਚੋਂ ਲੰਘਿਆ। ਮੁਸਲਿਮ ਆਬਾਦੀ ਵਾਲੇ ਇਲਾਕੇ ਜੁਹਾਪੁਰਾ ਵਿਚੋਂ ਲੰਘਦਿਆਂ ਦੁਪਹਿਰ ਕਰੀਬ ਇਕ ਵਜੇ ਵਸਤਰਪੁਰ ਇਲਾਕੇ ਵਿਚ ਹਵੇਲੀ 'ਤੇ ਖ਼ਤਮ ਹੋਇਆ।
ਕਰੀਬ ਦਸ ਕਿਲੋਮੀਟਰ ਦਾ ਰੋਡ ਸ਼ੋਅ ਪੇਂਡੂ ਇਲਾਕਿਆਂ ਦੇ ਨਾਲ-ਨਾਲ ਅਮੀਰ-ਤਰੀਨ ਇਲਾਕਿਆਂ ਵਿਚੋਂ ਹੋ ਕੇ ਲੰਘਿਆ। (ਏਜੰਸੀ)