
ਧਾਰਮਕ ਅਤੇ ਜਾਤੀਗਤ ਮਤਭੇਦਾਂ ਨੂੰ ਛੱਡ ਕੇ ਹੁਣ ਇਕਜੁਟ ਹੋਣ ਦਾ ਮੌਕਾ : ਰਾਹੁਲ
ਨਵੀਂ ਦਿੱਲੀ, 6 ਅਪ੍ਰੈਲ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਕੋਰੋਨਾ ਵਾਇਰਸ ਸੰਕਟ ਦੇਸ਼ ਵਿਚ ਧਰਮ, ਜਾਤ ਅਤੇ ਵਰਗ ਆਧਾਰਤ ਮਤਭੇਦਾਂ ਨੂੰ ਭੁਲਾ ਕੇ ਇਕਜੁਟ ਹੋਣ ਦਾ ਮੌਕਾ ਹੈ।
Rahul gandhi
ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਇਕਜੁਟ ਹੋ ਕੇ ਇਸ ਮਹਾਮਾਰੀ 'ਤੇ ਮਾਤ ਪਾ ਲਵੇਗਾ। ਗਾਂਧੀ ਨੇ ਟਵਿਟਰ 'ਤੇ ਕਿਹਾ, 'ਕੋਰੋਨਾ ਸੰਕਟ ਭਾਰਤ ਲਈ ਅਜਿਹਾ ਮੌਕਾ ਹੈ ਜਿਸ ਵਿਚ ਲੋਕ ਅਪਣੇ ਧਰਮ, ਜਾਤ ਅਤੇ ਵਰਗ ਦੇ ਮਤਭੇਦਾਂ ਨੂੰ ਪਿੱਛੇ ਛੱਡ ਕੇ ਇਕਜੁਟ ਹੋਣ ਅਤੇ ਇਸ ਖ਼ਤਰਨਾਕ ਵਾਇਰਸ ਨੂੰ ਹਰਾਉਣ।'
ਉਨ੍ਹਾਂ ਕਿਹਾ ਕਿ ਤਰਸ, ਹਮਦਰਦੀ, ਸੰਵੇਦਨਾਂ ਅਤੇ ਤਿਆਗ ਇਸ ਸੋਚ ਦੀ ਬੁਨਿਆਦ ਹੈ। ਸਾਰੇ ਮਿਲ ਜੁਲ ਕੇ ਇਸ ਲੜਾਈ ਵਿਚ ਜਿੱਤ ਹਾਸਲ ਕਰਨਗੇ। ਉਧਰ, ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਕੋਰੋਨਾ ਦੀ ਵਿਆਪਕ ਪੱਧਰ 'ਤੇ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ, 'ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਦਾ ਇਕੋ ਇਕ ਰਸਤਾ ਵੱਧ ਤੋਂ ਵੱਧ ਜਾਂਚ ਹੈ। ਤਦ ਹੀ ਅਸੀਂ ਸਾਰੇ ਪੀੜਤ ਵਿਅਕਤੀ ਦਾ ਇਲਾਜ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਜਾਂਚ ਹੋਣੀ ਚਾਹੀਦੀ ਹੈ, ਇਹ ਸਾਡਾ ਮੰਤਰ ਹੋਣਾ ਚਾਹੀਦਾ ਹੈ। ਜ਼ਿਆਦਾ ਜਾਂਚ ਲਈ ਆਵਾਜ਼ ਚੁੱਕੀ ਜਾਵੇ। (ਏਜੰਸੀ)