
ਕਣਕ ਦੀ ਫ਼ਸਲ ’ਤੇ ਜਲਵਾਯੂ ਸੰਕਟ ਦਾ ਸਾਹਮਣਾ ਕਰਨ ਲਈ ਭਾਰਤ ਦੀ ਤਿਆਰੀ ਪਾਕਿਸਤਾਨ ਨਾਲੋਂ ਬਿਹਤਰ : ਵਿਗਿਆਨੀ
ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਵਿਚ ਮੌਸਮ ਦੀ ਢੁਕਵੀਂ ਸਥਿਤੀ ਇਸ ਸਾਲ ਕਣਕ ਦੀ ਰਿਕਾਰਡ ਪੈਦਾਵਾਰ ਹਾਸਲ ਕਰਨ ਵਿਚ ਮਦਦ ਕਰ ਰਹੀ ਹੈ। ਹਾਲਾਂਕਿ ਖੇਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਭਾਰਤ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨਾਲ ਨਜਿੱਠਣ ਲਈ ਗੁਆਂਢੀ ਦੇਸ਼ਾਂ ਨਾਲੋਂ ਬਿਹਤਰ ਤਿਆਰ ਹੈ। ਉਨ੍ਹਾਂ ਦਸਿਆ ਕਿ ਭਾਰਤ ਨੇ ਬੀਜਾਂ ਦੀਆਂ ਬਹੁਤ ਸਾਰੀਆਂ ਦੇਸੀ ਤਾਪ ਰੋਧਕ ਅਤੇ ਘੱਟ ਮਿਆਦ ਵਾਲੀਆਂ ਕਿਸਮਾਂ ਵਿਕਸਤ ਕੀਤੀਆਂ ਹਨ।
ਭਾਰਤ ਦੁਨੀਆਂ ਦਾ ਦੂਜਾ ਸੱਭ ਤੋਂ ਵੱਡਾ ਕਣਕ ਉਤਪਾਦਕ ਦੇਸ਼ ਹੈ ਅਤੇ ਪਾਕਿਸਤਾਨ ਅੱਠਵਾਂ ਸੱਭ ਤੋਂ ਵੱਡਾ ਕਣਕ ਉਤਪਾਦਕ ਦੇਸ਼ ਹੈ। ਜਿੱਥੇ ਭਾਰਤ ਕਣਕ ਦੇ ਉਤਪਾਦਨ ਵਿਚ ਆਤਮ-ਨਿਰਭਰ ਹੈ, ਉੱਥੇ ਪਾਕਿਸਤਾਨ 20-30 ਲੱਖ ਟਨ ਕਣਕ ਆਯਾਤ ਕਰਦਾ ਹੈ। ਪਾਕਿਸਤਾਨ ਅਜੇ ਵੀ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਆਯਾਤ ’ਤੇ ਨਿਰਭਰ ਹੈ।
ਇਸ ਦਾ ਇਕ ਵੱਡਾ ਕਾਰਨ ਜਲਵਾਯੂ ਅਨੁਕੂਲ ਸਵਦੇਸ਼ੀ ਕਿਸਮਾਂ ਨੂੰ ਵਿਕਸਤ ਕਰਨ ਵਿਚ ਅਸਮਰੱਥਾ ਹੈ। ਇਸ ਸਮੇਂ ਦੋਵਾਂ ਦੇਸ਼ਾਂ ਵਿਚ ਕਣਕ ਦੀ ਵਾਢੀ ਦਾ ਕੰਮ ਚੱਲ ਰਿਹਾ ਹੈ। ਭਾਰਤ ਦਾ ਅੰਦਾਜ਼ਾ ਹੈ ਕਿ ਫ਼ਸਲੀ ਸਾਲ 2023-24 (ਜੁਲਾਈ-ਜੂਨ) ਵਿਚ ਕਣਕ ਦਾ ਉਤਪਾਦਨ 11.4 ਕਰੋੜ ਟਨ ਦੇ ਨਵੇਂ ਰਿਕਾਰਡ ਤਕ ਪਹੁੰਚ ਜਾਵੇਗਾ। ਦੂਜੇ ਪਾਸੇ ਪਾਕਿਸਤਾਨ ਨੇ 32.2 ਮਿਲੀਅਨ ਟਨ ਉਤਪਾਦਨ ਦਾ ਅਭਿਲਾਸ਼ੀ ਟੀਚਾ ਰੱਖਿਆ ਹੈ।
ਜਦੋਂ ਕਿ ਦੋਵੇਂ ਦੇਸ਼ 2010 ਤੋਂ ਕਣਕ ਦੀ ਫ਼ਸਲ ’ਤੇ ਮੌਸਮੀ ਤਬਦੀਲੀ ਦੇ ਮਾੜੇ ਪ੍ਰਭਾਵਾਂ ਦਾ ਸਾਹਮਣਾ ਕਰ ਰਹੇ ਹਨ, ਮੌਜੂਦਾ ਸਾਲ ਬੇਮਿਸਾਲ ਤਰੀਕੇ ਨਾਲ ਢੁਕਵਾਂ ਰਿਹਾ ਹੈ। ਇਸ ਦੌਰਾਨ ਨਾ ਤਾਂ ਗਰਮ ਹਵਾਵਾਂ ਦੇਖਣ ਨੂੰ ਮਿਲੀਆਂ ਅਤੇ ਨਾ ਹੀ ਬੇਮੌਸਮੀ ਬਰਸਾਤ ਨੇ ਫ਼ਸਲ ਨੂੰ ਪ੍ਰਭਾਵਤ ਕੀਤਾ। ਭਾਰਤੀ ਕਣਕ ਅਤੇ ਜੌਂ ਖੋਜ ਸੰਸਥਾਨ ਦੇ ਨਿਰਦੇਸ਼ਕ ਗਿਆਨੇਂਦਰ ਸਿੰਘ ਨੇ ਦਸਿਆ ਕਿ,“ਇਸ ਸਾਲ ਮੌਸਮ ਢੁਕਵਾਂ ਹੈ। ਮੱਧ ਜਨਵਰੀ ਅਤੇ ਫ਼ਰਵਰੀ ਦੇ ਨਾਜ਼ੁਕ ਸਮੇਂ ਦੌਰਾਨ ਗਰਮੀ ਦੀ ਲਹਿਰ ਅਤੇ ਬੇਮੌਸਮੀ ਮੀਂਹ ਦੀ ਕੋਈ ਘਟਨਾ ਨਹੀਂ ਵਾਪਰੀ। ਅਸੀਂ ਵੱਡੀ ਪੈਦਾਵਾਰ ਦੀ ਉਮੀਦ ਕਰ ਰਹੇ ਹਾਂ।’’ ਉਨ੍ਹਾਂ ਦਸਿਆ ਕਿ ਨਵੇਂ ਬੀਜਾਂ ਦੀ ਉਪਲਬਧਤਾ ਅਤੇ ਕਿਸਾਨਾਂ ਵਿਚ ਵੱਧ ਰਹੀ ਜਾਗਰੂਕਤਾ ਸਦਕਾ ਇਸ ਸਾਲ ਕੁੱਲ ਕਣਕ ਦੇ 80 ਫ਼ੀ ਸਦੀ ਤੋਂ ਵੱਧ ਰਕਬੇ ਵਿਚ ਮੌਸਮ ਮੁਤਾਬਕ ਕਣਕ ਦੀਆਂ ਕਿਸਮਾਂ ਬੀਜੀਆਂ ਗਈਆਂ ਹਨ।