
'ਗੁਰਦੁਆਰਾ ਸਾਹਿਬ ਦੇ ਰਾਗੀ ਸਿੰਘ ਸਮੇਤ ਤਿੰਨ ਦੀ ਮੌਤ'
ਜੰਮੂ-ਕਸ਼ਮੀਰ : ਭਾਰਤ ਦੇ ਹਵਾਈ ਹਮਲੇ ਤੋਂ ਬਾਅਦ ਪਾਕਿਸਤਾਨ ਵਲੋਂ ਪੁਣਛ ਵਿਚ ਜਵਾਬੀ ਕਾਰਵਾਈ ਕੀਤੀ ਗਈ। ਇਸ ਵਿਚ ਉਨ੍ਹਾਂ ਵਲੋਂ ਗੁਰਦੁਆਰਾ ਸਿੰਘ ਸਭਾ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਹਮਲੇ ਵਿਚ ਗੁਰਦੁਆਰਾ ਸਾਹਿਬ ਦੇ ਰਾਗੀ ਸਿੰਘ ਸਮੇਤ ਤਿੰਨ ਦੀ ਮੌਤ ਹੋ ਗਈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਰਤ ਤੇ ਪਾਕਿਸਤਾਨ ਵਿਚਕਾਰ ਪੈਦਾ ਹੋਈ ਤਲਖ਼ੀ ਅਤੇ ਇੱਕ ਦੂਜੇ ਉੱਤੇ ਕੀਤੇ ਗਏ ਹਮਲਿਆਂ ਦੌਰਾਨ ਕਸ਼ਮੀਰ ਦੇ ਪੁਣਛ ਖੇਤਰ ਵਿੱਚ ਮਾਰੇ ਗਏ ਸਿੱਖਾਂ ਤੇ ਹੋਰ ਲੋਕਾਂ ਅਤੇ ਗੁਰਦੁਆਰਾ ਸਾਹਿਬ ਉੱਤੇ ਕੀਤੇ ਗਏ ਹਮਲੇ ਦੀ ਕਾਰਵਾਈ ਦੀ ਕਰੜੀ ਨਿੰਦਾ ਕੀਤੀ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਭਾਰਤ ਵੱਲੋਂ ਕੀਤੇ ਗਏ ਆਪ੍ਰੇਸ਼ਨ ਸਿੰਦੂਰ ਦੇ ਜਵਾਬੀ ਹਮਲੇ ਵਿੱਚ ਪਾਕਿਸਤਾਨ ਵੱਲੋਂ ਪੁਣਛ ਵਿਖੇ ਕੀਤੀ ਗਈ ਗੋਲਾਬਾਰੀ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੇਂਦਰੀ ਉੱਤੇ ਹਮਲਾ ਕੀਤਾ ਗਿਆ ਹੈ, ਇਸ ਦੌਰਾਨ ਤਿੰਨ ਗੁਰਸਿੱਖ ਭਾਈ ਅਮਰੀਕ ਸਿੰਘ ਰਾਗੀ, ਭਾਈ ਅਮਰਜੀਤ ਸਿੰਘ ਸਾਬਕਾ ਫੌਜੀ ਅਤੇ ਭਾਈ ਰਣਜੀਤ ਸਿੰਘ ਸਥਾਨਕ ਦੁਕਾਨਦਾਰ ਮਾਰੇ ਗਏ ਹਨ।
ਇਸ ਤੋਂ ਇਲਾਵਾ ਮਾਨਕੋਟ ਖੇਤਰ ਵਿੱਚ ਇੱਕ ਸਿੱਖ ਬੀਬੀ ਰੂਬੀ ਕੌਰ ਦੇ ਮਾਰੇ ਜਾਣ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ। ਇਸ ਦੌਰਾਨ ਪੁਣਛ ਵਿਖੇ ਹੋਰ ਲੋਕਾਂ ਦੇ ਮਾਰੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ। ਜਥੇਦਾਰ ਗੜਗੱਜ ਨੇ ਪੁਣਛ ਵਿਖੇ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਅਰਦਾਸ ਵੀ ਕੀਤੀ।