
ਭਾਜਪਾ ਦੀ ਅਗਵਾਈ ਵਾਲੀਆਂ ਕੇਂਦਰ ਅਤੇ ਰਾਜਾਂ ਦੀਆਂ ਸਰਕਾਰਾਂ 'ਤੇ ਉਦਯੋਗਪਤੀਆਂ ਦੀ ਸਮਰਥਕ ਅਤੇ ਕਿਸਾਨ ਵਿਰੋਧੀ ਹੋਣ ਦਾ ਦੋਸ਼ ਲਾਉਂਦਿਆਂ ਕਾਂਗਰਸ ਪ੍ਰਧਾਨ...
ਮੰਦਸੌਰ, ਭਾਜਪਾ ਦੀ ਅਗਵਾਈ ਵਾਲੀਆਂ ਕੇਂਦਰ ਅਤੇ ਰਾਜਾਂ ਦੀਆਂ ਸਰਕਾਰਾਂ 'ਤੇ ਉਦਯੋਗਪਤੀਆਂ ਦੀ ਸਮਰਥਕ ਅਤੇ ਕਿਸਾਨ ਵਿਰੋਧੀ ਹੋਣ ਦਾ ਦੋਸ਼ ਲਾਉਂਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਮੱਧ ਪ੍ਰਦੇਸ਼ ਵਿਚ ਜਿਸ ਦਿਨ ਕਾਂਗਰਸ ਦੀ ਸਰਕਾਰ ਆਏਗੀ, ਉਸ ਦੇ 10 ਦਿਨਾਂ ਅੰਦਰ ਪ੍ਰਦੇਸ਼ ਦੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਿਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੂਬੇ ਦੀ ਪਿਪਲੀਆ ਮੰਡੀ ਵਿਚ ਪਿਛਲੇ ਸਾਲ ਛੇ ਜੂਨ ਨੂੰ ਕਿਸਾਨ ਅੰਦੋਲਨ ਦੌਰਾਨ ਪੁਲਿਸ ਗੋਲੀਬਾਰੀ ਵਿਚ ਛੇ ਕਿਸਾਨਾਂ ਦੇ ਮਾਰੇ ਜਾਣ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁਧ ਵੀ ਕਾਂਗਰਸ ਦੀ ਸਰਕਾਰ ਆਉਣ 'ਤੇ 10 ਦਿਨਾਂ ਅੰਦਰ ਕਾਰਵਾਈ ਕੀਤੀ ਜਾਵੇਗੀ। ਇਸ ਸਾਲ ਨਵੰਬਰ ਵਿਚ ਮੱਧ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਪਿਛਲੇ 15 ਸਾਲ ਤੋਂ ਸੂਬੇ ਵਿਚ ਭਾਜਪਾ ਸੱਤਾ ਵਿਚ ਹੈ।
ਰੈਲੀ ਨੂੰ ਸੰਬੋਧਤ ਕਰਦਿਆਂ ਰਾਹੁਲ ਨੇ ਕਿਹਾ, 'ਕਮਲਨਾਥ ਜੀ, ਸਿੰਧੀਆ ਜੀ ਅਤੇ ਕਾਂਗਰਸ ਪਾਰਟੀ ਦੇ ਨੇਤਾ ਇਥੇ ਬੈਠੇ ਹਨ। ਮੈਂ ਮੰਚ ਤੋਂ ਮੰਦਸੌਰ ਦੇ ਪਰਵਾਰਾਂ ਨੂੰ ਅਤੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ। ਜਿਸ ਦਿਨ ਮੱਧ ਪ੍ਰਦੇਸ਼ ਵਿਚ ਕਾਂਗਰਸ ਦੀ ਸਰਕਾਰ ਆਵੇਗੀ, ਉਸ ਤੋਂ ਬਾਅਦ ਤੁਸੀਂ 10 ਦਿਨ ਗਿਣਨਾ ਅਤੇ 10 ਦਿਨਾਂ ਅੰਦਰ ਗਾਰੰਟੀ ਨਾਲ ਕਹਿ ਰਿਹਾ ਹਾਂ ਕਿ ਤੁਹਾਡਾ ਕਰਜ਼ਾ ਮਾਫ਼ ਹੋ ਜਾਵੇਗਾ।' ਇਸ ਤੋਂ ਪਹਿਲਾਂ ਵੀ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੇਸ਼ ਦੇ ਕਿਸਾਨਾਂ ਦਾ 70 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮਾਫ਼ ਕਰ ਚੁੱਕੀ ਹੈ। (ਏਜੰਸੀ)