
ਇਹ ਗ੍ਰਿਫ਼ਤਾਰੀ ਇੰਟਰਪੋਲ ਦੁਆਰਾ ਪਿਛਲੇ ਸਾਲ ਜੁਲਾਈ 'ਚ ਗੁਪਤਾ ਭਰਾਵਾਂ ਖ਼ਿਲਾਫ਼ ਨੋਟਿਸ ਜਾਰੀ ਕੀਤੇ ਜਾਣ ਤੋਂ ਲਗਭਗ ਇਕ ਸਾਲ ਬਾਅਦ ਹੋਈ ਹੈ।
ਦੁਬਈ - ਦੱਖਣੀ ਅਫਰੀਕਾ ਦੀ ਸਰਕਾਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਭਾਰਤੀ ਮੂਲ ਦੇ ਗੁਪਤਾ ਭਰਾਵਾਂ (ਰਾਜੇਸ਼ ਅਤੇ ਅਤੁਲ) ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਸਾਬਕਾ ਰਾਸ਼ਟਰਪਤੀ ਜੈਕਬ ਜ਼ੂਮਾ ਦੇ ਸ਼ਾਸਨ ਦੌਰਾਨ ਸਿਆਸੀ ਭ੍ਰਿਸ਼ਟਾਚਾਰ ਦੇ ਕੇਂਦਰ ਵਿਚ ਸਨ। ਦੋਵੇਂ ਭਰਾਵਾਂ ਨੂੰ ਦੁਬਈ 'ਚ ਗ੍ਰਿਫ਼ਤਾਰ ਕੀਤਾ ਗਿਆ। ਹਾਲਾਂਕਿ ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਤੀਜੇ ਭਰਾ ਅਜੇ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ। ਇਹ ਗ੍ਰਿਫ਼ਤਾਰੀ ਇੰਟਰਪੋਲ ਦੁਆਰਾ ਪਿਛਲੇ ਸਾਲ ਜੁਲਾਈ 'ਚ ਗੁਪਤਾ ਭਰਾਵਾਂ ਖ਼ਿਲਾਫ਼ ਨੋਟਿਸ ਜਾਰੀ ਕੀਤੇ ਜਾਣ ਤੋਂ ਲਗਭਗ ਇਕ ਸਾਲ ਬਾਅਦ ਹੋਈ ਹੈ।
Gupta brothers Arrested
ਗੁਪਤਾ ਭਰਾਵਾਂ 'ਤੇ ਆਰਥਿਕ ਲਾਭ ਹਾਸਲ ਕਰਨ ਅਤੇ ਉੱਚ ਅਹੁਦਿਆਂ 'ਤੇ ਨਿਯੁਕਤੀਆਂ ਨੂੰ ਪ੍ਰਭਾਵਿਤ ਕਰਨ ਲਈ ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੂਮਾ ਨਾਲ ਆਪਣੇ ਸਬੰਧਾਂ ਦੀ ਵਰਤੋਂ ਕਰਨ ਦਾ ਦੋਸ਼ ਹੈ। ਹਾਲਾਂਕਿ ਉਹਨਾਂ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗੁਪਤਾ ਪਰਿਵਾਰ 2018 ਵਿਚ ਦੱਖਣੀ ਅਫ਼ਰੀਕਾ ਵਿਚ ਸਰਕਾਰੀ-ਸੰਬੰਧਿਤ ਅਦਾਰਿਆਂ ਵਿਚ ਅਰਬਾਂ ਰੈਂਡ (ਦੱਖਣੀ ਅਫ਼ਰੀਕੀ ਮੁਦਰਾ) ਦਾ ਘੁਟਾਲਾ ਕਰਨ ਤੋਂ ਬਾਅਦ ਸਵੈ-ਨਿਰਵਾਸ ਵਿਚ ਦੁਬਈ ਚਲਾ ਗਿਆ ਸੀ।
Gupta Brothers
ਦੱਖਣੀ ਅਫ਼ਰੀਕਾ ਦੇ ਨਿਆਂ ਅਤੇ ਸੁਧਾਰ ਸੇਵਾਵਾਂ ਵਿਭਾਗ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ਨਿਆਂ ਅਤੇ ਸੁਧਾਰ ਸੇਵਾਵਾਂ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਉਸ ਨੂੰ ਯੂ.ਏ.ਈ. ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਤੋਂ ਸੂਚਨਾ ਮਿਲੀ ਹੈ ਕਿ ਭਗੌੜੇ ਰਾਜੇਸ਼ ਅਤੇ ਅਤੁਲ ਗੁਪਤਾ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਿਭਾਗ ਨੇ ਕਿਹਾ ਕਿ ਸੰਯੁਕਤ ਅਰਬ ਅਮੀਰਾਤ ਅਤੇ ਦੱਖਣੀ ਅਫ਼ਰੀਕਾ ਦੀਆਂ ਵੱਖ-ਵੱਖ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਚਕਾਰ ਅੱਗੇ ਦੀ ਕਾਰਵਾਈ ਲਈ ਚਰਚਾ ਜਾਰੀ ਹੈ। ਦੱਖਣੀ ਅਫ਼ਰੀਕਾ ਦੀ ਸਰਕਾਰ ਯੂ.ਏ.ਈ. ਨਾਲ ਸਹਿਯੋਗ ਕਰਨਾ ਜਾਰੀ ਰੱਖੇਗੀ।