ਇਲਾਕੇ ’ਚ ਤਲਾਸ਼ੀ ਮੁਹਿੰਮ ਜਾਰੀ
ਨਾਰਾਇਣਪੁਰ: ਛੱਤੀਸਗੜ੍ਹ ਦੇ ਅਤਿਵਾਦ ਪ੍ਰਭਾਵਤ ਨਰਾਇਣਪੁਰ ਜ਼ਿਲ੍ਹੇ ’ਚ ਸ਼ੁਕਰਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 5 ਨਕਸਲੀ ਮਾਰੇ ਗਏ। ਪੁਲਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਨਰਾਇਣਪੁਰ, ਦੰਤੇਵਾੜਾ ਅਤੇ ਕੋਂਡਾਗਾਓਂ ਜ਼ਿਲ੍ਹਿਆਂ ਦੀ ਸਰਹੱਦ ’ਤੇ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਪੰਜ ਨਕਸਲੀ ਮਾਰੇ ਗਏ ਅਤੇ ਤਿੰਨ ਹੋਰ ਜ਼ਖਮੀ ਹੋ ਗਏ।
ਅਧਿਕਾਰੀਆਂ ਨੇ ਦਸਿਆ ਕਿ ਵੀਰਵਾਰ ਰਾਤ ਨੂੰ ਸੁਰੱਖਿਆ ਬਲਾਂ ਨੂੰ ਨਕਸਲ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਨਰਾਇਣਪੁਰ, ਦੰਤੇਵਾੜਾ ਅਤੇ ਕੋਂਡਾਗਾਓਂ ਜ਼ਿਲ੍ਹਿਆਂ ਦੀ ਸਰਹੱਦ ’ਤੇ ਮੁੰਗੇਡੀ ਅਤੇ ਗੋਬੇਲ ਇਲਾਕਿਆਂ ’ਚ ਭੇਜਿਆ ਗਿਆ।
ਉਨ੍ਹਾਂ ਦਸਿਆ ਕਿ ਅੱਜ ਜਦੋਂ ਸੁਰੱਖਿਆ ਬਲ ਗੋਬੇਲ ਇਲਾਕੇ ’ਚ ਸਨ ਤਾਂ ਨਕਸਲੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿਤੀ , ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ, ਦਿਨ ਭਰ ਦੋਹਾਂ ਪਾਸਿਆਂ ਤੋਂ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ।
ਅਧਿਕਾਰੀਆਂ ਨੇ ਦਸਿਆ ਕਿ ਇਸ ਮੁਕਾਬਲੇ ’ਚ ਸੁਰੱਖਿਆ ਬਲਾਂ ਨੇ ਹੁਣ ਤਕ ਪੰਜ ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ’ਚ ਵੱਡੀ ਗਿਣਤੀ ’ਚ ਨਕਸਲੀਆਂ ਦੇ ਜ਼ਖਮੀ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦਸਿਆ ਕਿ ਮੁਕਾਬਲੇ ’ਚ ਨਰਾਇਣਪੁਰ ਡੀ.ਆਰ.ਜੀ. ਦੇ ਤਿੰਨ ਜਵਾਨ ਵੀ ਜ਼ਖਮੀ ਹੋਏ ਹਨ ਅਤੇ ਜ਼ਖਮੀ ਜਵਾਨਾਂ ਦੀ ਹਾਲਤ ਆਮ ਅਤੇ ਖਤਰੇ ਤੋਂ ਬਾਹਰ ਹੈ।
ਅਧਿਕਾਰੀਆਂ ਨੇ ਦਸਿਆ ਕਿ ਸੰਯੁਕਤ ਮੁਹਿੰਮ ’ਚ ਨਾਰਾਇਣਪੁਰ, ਕੋਂਡਾਗਾਓਂ, ਦੰਤੇਵਾੜਾ, ਜਗਦਲਪੁਰ ਦੇ ਡੀਆਰਜੀ ਅਤੇ ਭਾਰਤ-ਤਿੱਬਤ ਸਰਹੱਦੀ ਪੁਲਿਸ ਦੀ 45 ਬਟਾਲੀਅਨ ਸ਼ਾਮਲ ਸੀ। ਉਨ੍ਹਾਂ ਦਸਿਆ ਕਿ ਇਲਾਕੇ ’ਚ ਤਲਾਸ਼ੀ ਮੁਹਿੰਮ ਜਾਰੀ ਹੈ।
ਇਸ ਘਟਨਾ ਦੇ ਨਾਲ ਹੀ ਇਸ ਸਾਲ ਹੁਣ ਤਕ ਸੂਬੇ ’ਚ ਸੁਰੱਖਿਆ ਬਲਾਂ ਨਾਲ ਵੱਖ-ਵੱਖ ਮੁਕਾਬਲਿਆਂ ’ਚ ਮਾਰੇ ਗਏ ਮਾਉਵਾਦੀਆਂ ਦੀ ਗਿਣਤੀ 123 ਹੋ ਗਈ ਹੈ। ਇਸ ਤੋਂ ਪਹਿਲਾਂ 23 ਮਈ ਨੂੰ ਨਰਾਇਣਪੁਰ-ਬੀਜਾਪੁਰ ਅੰਤਰ-ਜ਼ਿਲ੍ਹਾ ਸਰਹੱਦ ’ਤੇ ਜੰਗਲ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 7 ਮਾਉਵਾਦੀ ਮਾਰੇ ਗਏ ਸਨ, ਜਦਕਿ 10 ਮਈ ਨੂੰ ਬੀਜਾਪੁਰ ਜ਼ਿਲ੍ਹੇ ’ਚ 12 ਮਾਉਵਾਦੀ ਮਾਰੇ ਗਏ ਸਨ। ਪੁਲਿਸ ਨੇ ਦਸਿਆ ਕਿ 30 ਅਤੇ 29 ਅਪ੍ਰੈਲ ਨੂੰ ਨਰਾਇਣਪੁਰ ਅਤੇ ਕਾਂਕੇਰ ਜ਼ਿਲ੍ਹਿਆਂ ਦੀ ਸਰਹੱਦ ’ਤੇ ਜੰਗਲ ਮੁਕਾਬਲੇ ’ਚ ਤਿੰਨ ਔਰਤਾਂ ਸਮੇਤ 10 ਮਾਉਵਾਦੀ ਮਾਰੇ ਗਏ ਸਨ।