
ਕੋਰੋਨਾ ਨੇ ਵਧਾਈ ਭਾਰਤ ਦੀ ਚਿੰਤਾ
ਨਵੀਂ ਦਿੱਲੀ, 6 ਜੁਲਾਈ : ਇਨ੍ਹੀਂ ਦਿਨੀਂ ਪੂਰੇ ਦੇਸ਼ ਵਿਚ ਕੋਰੋਨਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਰਿਕਾਰਡ ਪੱਧਰ ਉਤੇ ਵਾਧਾ ਹੋ ਰਿਹਾ ਹੈ। ਹੁਣ ਮਰੀਜ਼ਾਂ ਦੀ ਗਿਣਤੀ 7 ਲੱਖ ਤਕ ਪਹੁੰਚ ਗਈ ਹੈ। ਜਦਕਿ ਮਰਨ ਵਾਲਿਆਂ ਦੀ ਗਿਣਤੀ ਵੀ 19 ਹਜ਼ਾਰ ਨੂੰ ਪਾਰ ਕਰ ਗਈ ਹੈ। ਇਸ ਦੌਰਾਨ ਸਕਾਰਾਤਮਕ ਦਰ ਨੇ ਵੀ ਭਾਰਤ ਦੀ ਚਿੰਤਾ ਵਧਾ ਦਿਤੀ ਹੈ।
ਹੁਣ ਇਹ ਦਰ 13.45 ਫ਼ੀ ਸਦੀ ਤਕ ਪਹੁੰਚ ਗਈ ਹੈ। ਯਾਨੀ ਹਰ 100 ਟੈਸਟਾਂ ਵਿਚੋਂ ਘੱਟੋ ਘੱਟ 13 ਵਿਅਕਤੀ ਕੋਰੋਨਾ ਪੀੜਤ ਨਿਕਲਦੇ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ 5 ਫ਼ੀ ਸਦੀ ਦੀ ਸਕਾਰਾਤਮਕ ਦਰ ਨੂੰ ਸੁਰੱਖਿਅਤ ਅਤੇ ਨਿਯੰਤ੍ਰਿਤ ਮੰਨਿਆ ਜਾਂਦਾ ਹੈ। ਇਸ ਸਥਿਤੀ ਵਿਚ ਇਸ ਸਮੇਂ ਭਾਰਤ ਵਿਚ ਇਹ ਦਰ ਸੁਰੱਖਿਆ ਮਾਪਦੰਡਾਂ ਨਾਲੋਂ ਦੁਗਣੇ ਤੋਂ ਵੀ ਵੱਧ ਹੈ। ਇਸੇ ਦਰ ਦੇ ਆਧਾਰ ਉਤੇ ਇਹ ਫ਼ੈਸਲਾ ਲਿਆ ਜਾਂਦਾ ਹੈ ਕਿ ਤਾਲਾਬੰਦੀ ਵਿਚ ਕਿੰਨੀ ਢਿੱਲ ਦਿਤੀ ਜਾਵੇ।
ਪਾਜ਼ੇਟਿਵ ਦਰ ਮਈ ਦੇ ਦੂਜੇ ਹਫ਼ਤੇ ਵਿਚ 4.6 ਫ਼ੀ ਸਦੀ ਸੀ। ਜੂਨ ਦੇ ਦੂਜੇ ਹਫ਼ਤੇ ਇਹ 7.8 ਫ਼ੀ ਸਦੀ ਤਕ ਪਹੁੰਚ ਗਈ ਅਤੇ ਹੁਣ ਜੁਲਾਈ ਦੇ ਪਹਿਲੇ ਹਫ਼ਤੇ ਇਹ ਅੰਕੜਾ 13.45 ਫ਼ੀ ਸਦੀ ਹੋ ਗਿਆ ਹੈ। ਯਾਨੀ, ਕੋਰੋਨਾ ਦੀ ਰਫ਼ਤਾਰ ਸਾਰੇ ਦੇਸ਼ ਵਿਚ ਤੇਜ਼ੀ ਨਾਲ ਵਧ ਰਹੀ ਹੈ। ਉਧਰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਅਨੁਸਾਰ 5 ਜੁਲਾਈ ਤਕ ਕੋਵਿਡ-19 ਲਈ ਕੁੱਲ 99,69,66 ਲੋਕਾਂ ਦੀ ਕੋਰੋਨਾ ਜਾਂਚ ਕੀਤੀ ਗਈ ਹੈ,
ਜਿਨ੍ਹਾਂ ਵਿਚੋਂ 1,80,596 ਲੋਕਾਂ ਦੀ ਜਾਂਚ ਐਤਵਾਰ ਨੂੰ ਹੀ ਕੀਤੀ ਗਈ। ਚੰਗੀ ਗੱਲ ਇਹ ਹੈ ਕਿ ਹੁਣ ਰੋਜ਼ ਕੋਰੋਨਾ ਦੇ ਲਗਭਗ 2 ਲੱਖ 40 ਹਜ਼ਾਰ ਟੈਸਟ ਕੀਤੇ ਜਾ ਰਹੇ ਹਨ। ਸਪੱਸ਼ਟ ਹੈ ਕਿ ਮਰੀਜ਼ਾਂ ਦੀ ਗਿਣਤੀ ਵੀ ਵਧ ਰਹੀ ਹੈ (ਏਜੰਸੀ)