
ਵਿਸ਼ਵ ਸਿਹਤ ਸੰਗਠਨ ਨੂੰ 32 ਮੁਲਕਾਂ ਦੇ 239 ਤੋਂ ਵੱਧ ਵਿਗਿਆਨੀਆਂ ਨੇ ਪੱਤਰ ਲਿਖ ਕੇ ਕਿਹਾ ਹੈ ਕਿ ਇਸ ਗੱਲ ਦੇ ਸਬੂਤ ਹਨ ਕਿ
ਨਵੀਂ ਦਿੱਲੀ, 6 ਜੁਲਾਈ : ਵਿਸ਼ਵ ਸਿਹਤ ਸੰਗਠਨ ਨੂੰ 32 ਮੁਲਕਾਂ ਦੇ 239 ਤੋਂ ਵੱਧ ਵਿਗਿਆਨੀਆਂ ਨੇ ਪੱਤਰ ਲਿਖ ਕੇ ਕਿਹਾ ਹੈ ਕਿ ਇਸ ਗੱਲ ਦੇ ਸਬੂਤ ਹਨ ਕਿ ਕੋਰੋਨਾਵਾਇਰਸ ਹਵਾ ਰਾਹੀਂ ਫੈਲਦਾ ਹੈ। ਵਿਗਿਆਨੀਆਂ ਦਾ ਇਹ ਦਾਅਵਾ ਸੰਯੁਕਤ ਰਾਸ਼ਟਰ ਏਜੰਸੀ ਦੇ ਪਹਿਲਾਂ ਕੀਤੇ ਦਾਅਵਿਆਂ ਦਾ ਪੂਰੀ ਤਰ੍ਹਾਂ ਖੰਡਨ ਕਰਦਾ ਹੈ। ਡਬਲਿਊਐਚਓ ਨੇ ਕਿਹਾ ਸੀ ਕਿ ਕੋਵਿਡ-19 ਮੁੱਖ ਤੌਰ 'ਤੇ ਵਾਇਰਸ ਨਾਲ ਪੀੜਤ ਵਿਅਕਤੀ ਵਲੋਂ ਖੰਘਣ ਤੇ ਛਿੱਕਣ ਨਾਲ ਫੈਲਦਾ ਹੈ।
'ਦਿ ਨਿਊ ਯਾਰਕ ਟਾਈਮਜ਼' ਦੀ ਇਕ ਰਿਪੋਰਟ ਮੁਤਾਬਕ ਜਿਵੇਂ-ਜਿਵੇਂ ਲੋਕਾਂ ਨੇ ਬਾਰ, ਰੈਸਤਰਾਂ, ਦਫ਼ਤਰਾਂ, ਬਾਜ਼ਾਰਾਂ ਤੇ ਕੈਸੀਨੋ ਮੁੜ ਜਾਣਾ ਆਰੰਭਿਆ ਹੈ, ਇਨਫ਼ੈਕਸ਼ਨ ਦੇ ਕਲੱਸਟਰ ਆਲਮੀ ਪੱਧਰ 'ਤੇ ਵੱਧ ਰਹੇ ਹਨ। ਇਹ ਰੁਝਾਨ ਦਸਦਾ ਹੈ ਕਿ ਵਾਇਰਸ ਬੰਦ ਥਾਵਾਂ 'ਚ ਟਿਕਿਆ ਰਹਿੰਦਾ ਹੈ ਤੇ ਨੇੜੇ ਆਉਣ ਵਾਲੇ ਨੂੰ ਜਕੜ ਲੈਂਦਾ ਹੈ।
File Photo
ਇਨ੍ਹਾਂ 239 ਵਿਗਿਆਨੀਆਂ ਨੇ ਸਿਹਤ ਸੰਗਠਨ ਨੂੰ ਅਪਣੀਆਂ ਪਹਿਲੀਆਂ ਸਿਫ਼ਾਰਸ਼ਾਂ ਵਿਚ ਸੋਧ ਕਰਨ ਦੀ ਬੇਨਤੀ ਕੀਤੀ ਹੈ। ਇਸ ਖੋਜ ਕਾਰਜ ਨਾਲ ਜੁੜੇ ਵਿਗਿਆਨੀ ਅਗਲੇ ਹਫ਼ਤੇ ਇਕ ਸਾਇੰਸ ਜਰਨਲ ਵਿਚ ਅਪਣੀਆਂ ਖੇਜਾਂ ਨੂੰ ਪ੍ਰਕਾਸ਼ਿਤ ਕਰਨ ਜਾ ਰਹੇ ਹਨ। 29 ਜੂਨ ਨੂੰ ਡਬਲਿਊਐਚਓ ਨੇ ਸੋਧੇ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਸੀ ਕਿ ਹਵਾ ਰਾਹੀਂ ਵਾਇਰਸ ਉਦੋਂ ਹੀ ਫ਼ੈਲਦਾ ਹੈ
ਜਦੋਂ ਕਿਸੇ ਮੈਡੀਕਲ ਪ੍ਰੋਸੀਜ਼ਰ ਮਗਰੋਂ ਏਅਰੋਸੋਲਜ਼ ਜਾਂ 5 ਮਾਈਕ੍ਰੋਨ ਤੋਂ ਛੋਟੇ ਡਰਾਪਲੈੱਟ (ਤਰਲ ਬੂੰਦਾਂ) ਬਣਦੇ ਹਨ। ਜ਼ਿਕਰਯੋਗ ਹੈ ਕਿ ਮਾਸਕ ਪਹਿਨਣ, ਵਿੱਥ ਬਰਕਰਾਰ ਰੱਖਣ ਤੇ ਹੱਥ ਧੋਣ ਜਿਹੇ ਸਾਰੇ ਦਿਸ਼ਾ-ਨਿਰਦੇਸ਼ ਖੰਘਣ-ਛਿੱਕਣ ਨਾਲ ਵੱਡੀਆਂ ਤਰਲ ਬੂੰਦਾਂ ਦੇ ਕਿਸੇ ਹੋਰ ਦੇ ਸਰੀਰ 'ਚ ਦਾਖ਼ਲ ਹੋਣ ਨਾਲ ਜੁੜੇ ਹੋਏ ਹਨ। (ਏਜੰਸੀ)