ਕੜਕੜਡੂਮਾ ਅਦਾਲਤ ਨੇ ਸੌਂਪੇ ਕੇਸ ਨਾਲ ਸਬੰਧਤ ਦਸਤਾਵੇਜ਼, ਪੜ੍ਹਨ ਮਗਰੋਂ ਹੋਵੇਗੀ ਅਗਲੀ ਕਾਰਵਾਈ : ਅਦਾਲਤ
ਨਵੀਂ ਦਿੱਲੀ: ਸਾਲ 1984 ’ਚ ਦਿੱਲੀ ਅੰਦਰ ਹੋਏ ਸਿੱਖਾਂ ਦੇ ਕਤਲੇਆਮ ਨਾਲ ਸਬੰਧਤ ਇਕ ਕੇਸ ’ਚ ਦਿੱਲੀ ਦੀ ਅਦਾਲਤ ਨੇ ਕਾਂਗਰਸ ਆਗੂ ਅਤੇ ਸਾਬਕਾ ਸੰਸਦ ਮੈਂਬਰ ਜਗਦੀਸ਼ ਟਾਈਟਲਰ ਵਿਰੁਧ ਦਾਇਰ ਚਾਰਜਸ਼ੀਟ ’ਤੇ ਨੋਟਿਸ ਲੈਣ ਲਈ ਸੁਣਵਾਈ 19 ਜੁਲਾਈ ਤਕ ਲਈ ਟਾਲ ਦਿਤੀ ਹੈ। ਜੱਜ ਨੇ ਕਿਹਾ ਕਿ ਇਸ ਮਾਮਲੇ ਨਾਲ ਸਬੰਧਤ ਦਸਤਾਵੇਜ਼ ਉਨ੍ਹਾਂ ਨੂੰ ਅਜੇ ਪ੍ਰਾਪਤ ਹੋਏ ਹਨ। ਇਨ੍ਹਾਂ ਨੂੰ ਵੇਖਣ ਤੋਂ ਬਾਅਦ ਹੀ ਨੋਟਿਸ ’ਤੇ ਹੁਕਮ ਜਾਰੀ ਕੀਤਾ ਜਾਵੇਗਾ।
ਰਾਊਜ਼ ਐਵੀਨਿਊ ਕੋਰਟ ਦੇ ਵਧੀਕ ਚੀਫ਼ ਮੈਟਰੋਪੋਲੀਟਨ ਮੈਜਿਸਟ੍ਰੇਟ (ਏ.ਸੀ.ਐਮ.ਐਮ.) ਵਿਧੀ ਗੁਪਤਾ ਆਨੰਦ ਦੀ ਅਦਾਲਤ ਨੇ ਸੁਣਵਾਈ ਨੂੰ ਅਗਲੀ ਮਿਤੀ ਤਕ ਲਈ ਟਾਲਦਿਆਂ ਕਿਹਾ ਕਿ ਉਨ੍ਹਾਂ ਨੂੰ ਕੜਕੜਡੂਮਾ ਅਦਾਲਤ ਦੇ ਰੀਕਾਰਡ ਇੰਚਾਰਜ ਵਲੋਂ ਅਜੇ ਇਸ ਮਾਮਲੇ ਨਾਲ ਸਬੰਧਤ ਦਸਤਾਵੇਜ਼ ਸੌਂਪੇ ਗਏ ਹਨ। ਇਨ੍ਹਾਂ ਨੂੰ ਪੜ੍ਹਨਾ ਹੈ। ਉਸ ਤੋਂ ਬਾਅਦ ਹੀ ਸਬੰਧਤ ਮਾਮਲੇ ’ਚ ਅਗਲੇਰੀ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋ: ਪੈਰਾਂ ਨਾਲ ਪ੍ਰੀਖਿਆ ਦੇ ਕੇ ਪਟਵਾਰੀ ਬਣਿਆ ਅਮੀਨ ਮੰਸੂਰੀ
ਇਸ ਤੋਂ ਪਹਿਲਾਂ ਅਦਾਲਤ ਨੇ ਵੀਰਵਾਰ ਨੂੰ ਕੜਕੜਡੂਮਾ ਅਦਾਲਤ ਦੇ ਰੀਕਾਰਡ ਇੰਚਾਰਜ ਨੂੰ ਅੱਜ ਸਵੇਰੇ 11 ਵਜੇ ਤਕ ਇਸ ਮਾਮਲੇ ਦੇ ਸਾਰੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਸੀ ਕਿਉਂਕਿ ਇਸ ਮਾਮਲੇ ਦੀ ਪਹਿਲੀ ਸੁਣਵਾਈ ਕੜਕੜਡੂਮਾ ਅਦਾਲਤ ’ਚ ਚਲ ਰਹੀ ਸੀ, ਇਸ ਲਈ ਦਸਤਾਵੇਜ਼ ਉਥੋਂ ਦੇ ਰੀਕਾਰਡ ਰੂਮ ’ਚ ਸਨ।
ਜ਼ਿਕਰਯੋਗ ਹੈ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ 31 ਅਕਤੂਬਰ, 1984 ਨੂੰ ਕਤਲ ਤੋਂ ਬਾਅਦ ਦੇਸ਼ ਭਰ ’ਚ ਸਿੱਖ ਕਤਲੇਆਮ ਸ਼ੁਰੂ ਹੋ ਗਿਆ ਸੀ। ਟਾਈਟਲਰ ’ਤੇ ਦੋਸ਼ ਹੈ ਕਿ ਉਸ ਨੇ 1 ਨਵੰਬਰ, 1984 ਨੂੰ ਗੁਰਦਵਾਰਾ ਪੁਲਬੰਗਸ਼ ਬਾਹਰ ਲੋਕਾਂ ਨੂੰ ਭੜਕਾਊ ਭਾਸ਼ਣ ਦੇ ਕੇ ਉਕਸਾਇਆ। ਭੀੜ ਨੇ ਗੁਰਦਵਾਰੇ ’ਚ ਅੱਗ ਲਾ ਦਿਤੀ। ਗੁਰਦਵਾਰੇ ਅੰਦਰ ਮੌਜੂਦ ਤਿੰਨ ਸਿੱਖ ਅੱਗ ’ਚ ਘਿਰਨ ਕਾਰਨ ਜ਼ਿੰਦਾ ਸੜ ਗਏ। ਹਾਲਾਂਕਿ, ਸੀ.ਬੀ.ਆਈ. ਇਸ ਮਾਮਲੇ ’ਚ ਪਹਿਲੇ ਤਿੰਨ ਵਾਰੀ ਮੁਕੱਦਮੇ ਨੂੰ ਬੰਦ ਕਰਨ ਲਈ ਕਲੋਜ਼ਰ ਰੀਪੋਰਟ ਦਾਖ਼ਲ ਕਰ ਚੁਕੀ ਹੈ, ਪਰ ਤਿੰਨੇ ਵਾਰੀ ਅਦਾਲਤ ਨੇ ਮੁੜ ਜਾਂਚ ਦੇ ਹੁਕਮ ਦਿਤੇ ਸਨ। ਚੌਥੀ ਵਾਰੀ ਸੀ.ਬੀ.ਆਈ. ਨੇ ਟਾਈਟਲਰ ਵਿਰੁਧ ਅਦਾਲਤ ’ਚ ਚਾਰਜਸ਼ੀਟ ਦਾਇਰ ਕੀਤੀ ਹੈ।