
ਅਸਟੇਟ ਅਫ਼ਸਰ ਨੂੰ 3 ਮਹੀਨਿਆਂ ਅੰਦਰ ਜ਼ਿੰਮੇਵਾਰੀ ਤੈਅ ਕਰਨ ਅਤੇ ਗ਼ਲਤੀ ਕਰਨ ਵਾਲੇ ਅਧਿਕਾਰੀਆਂ ਵਿਰੁਧ ਕਾਰਵਾਈ ਕਰਨ ਦੇ ਨਿਰਦੇਸ਼
ਪਤੀ ਅਤੇ ਸਹੁਰੇ ਦੀ ਮੌਤ ਮਗਰੋਂ ਗੀਤਾ ਗਰਗ ਨੇ ਕੀਤੀ ਸੀ ਕੇਸ ਦੀ ਪੈਰਵੀ
ਚੰਡੀਗੜ੍ਹ (ਕੋਮਲਜੀਤ ਕੌਰ) : ਯੂਟੀ ਦੇ ਮੁੱਖ ਪ੍ਰਸ਼ਾਸਕ ਦੀ ਅਦਾਲਤ ਨੇ ਕਰੀਬ 39 ਸਾਲਾਂ ਬਾਅਦ ਇਕ ਪਰਿਵਾਰ ਨੂੰ ਇਨਸਾਫ਼ ਦਿਵਾਇਆ ਹੈ। ਰਾਮੇਸ਼ਵਰ ਦਾਸ ਗਰਗ ਅਤੇ ਉਨ੍ਹਾਂ ਦੇ ਪੁੱਤਰ ਅਨਿਲ ਗਰਗ ਨੂੰ ਆਖਰਕਾਰ ਸੈਕਟਰ 37 ਸਥਿਤ ਉਸ ਦੇ ਘਰ ਦਾ ਕਬਜ਼ਾ ਮਿਲ ਗਿਆ ਹੈ। ਹਾਲਾਂਕਿ, ਇਹ ਜਿੱਤ ਰਾਮੇਸ਼ਵਰ ਦੀ ਮੌਤ ਦੇ ਛੇ ਸਾਲ ਬਾਅਦ ਅਤੇ ਉਸ ਦੇ ਪੁੱਤਰ ਅਨਿਲ ਦੀ ਮੌਤ ਦੇ ਮਹੀਨੇ ਬਾਅਦ ਮਿਲੀ ਹੈ। ਗੀਤਾ ਗਰਗ ਅਪਣੇ ਪਤੀ ਅਤੇ ਸਹੁਰੇ ਦੀ ਮੌਤ ਤੋਂ ਬਾਅਦ ਕੇਸ ਦੀ ਪੈਰਵੀ ਕਰ ਰਹੀ ਸੀ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਸੈਕਟਰ 37 ਸਥਿਤ ਮਕਾਨ ਨੰਬਰ 3227 ਵਿਚ ਰਹਿਣ ਵਾਲੇ ਅਨਿਲ ਗਰਗ ਨੇ ਅਸਟੇਟ ਦਫ਼ਤਰ ਵਲੋਂ 23 ਫਰਵਰੀ 2018 ਨੂੰ ਜਾਰੀ ਕੀਤੇ ਗਏ ਪੱਤਰ ਵਿਰੁਧ ਅਪੀਲ ਦਾਇਰ ਕੀਤੀ ਸੀ, ਜਿਸ ਵਿਚ ਦਸਿਆ ਗਿਆ ਸੀ ਕਿ ਉਸ ਦਾ ਘਰ ਬਹਾਲ ਕਰ ਦਿਤਾ ਗਿਆ ਹੈ ਅਤੇ ਅਪੀਲਕਰਤਾ ਵਲੋਂ ਜਮ੍ਹਾਂ ਕਰਵਾਇਆ ਡਿਮਾਂਡ ਡਰਾਫਟ ਗ਼ੈਰ-ਮਨਜ਼ੂਰ ਕਰਦਿਆਂ ਵਾਪਸ ਕੀਤਾ ਜਾ ਰਿਹਾ ਹੈ।
ਮੁੱਖ ਪ੍ਰਸ਼ਾਸਕ ਡਾਕਟਰ ਵਿਜੇ ਨਾਮਦੇਵਰਾਓ ਜ਼ਾਦੇ ਦੀ ਅਦਾਲਤ ਨੇ ਅਸਟੇਟ ਦਫ਼ਤਰ ਦੇ ਹੁਕਮਾਂ ਨੂੰ ਰੱਦ ਕਰਦਿਆਂ ਇਸ ਦੀ ਮਲਕੀਅਤ ਮਕਾਨ ਮਾਲਕ ਨੂੰ ਦੇ ਦਿਤੀ ਹੈ। ਇਸ ਦੇ ਨਾਲ ਹੀ ਅਸਟੇਟ ਅਫ਼ਸਰ ਨੂੰ ਤਿੰਨ ਮਹੀਨਿਆਂ ਦੇ ਅੰਦਰ ਜ਼ਿੰਮੇਵਾਰੀ ਤੈਅ ਕਰਨ ਅਤੇ ਗ਼ਲਤੀ ਕਰਨ ਵਾਲੇ ਅਧਿਕਾਰੀਆਂ ਵਿਰੁਧ ਕਾਰਵਾਈ ਕਰਨ ਦੇ ਨਿਰਦੇਸ਼ ਦਿਤੇ ਹਨ।
ਅਪੀਲਕਰਤਾ ਦੇ ਵਕੀਲ ਵਿਕਾਸ ਜੈਨ ਨੇ ਦਸਿਆ ਕਿ ਇਹ ਮਕਾਨ ਰਾਮੇਸ਼ਵਰ ਦਾਸ ਗਰਗ ਨੂੰ ਲੀਜ਼ ਹੋਲਡ 'ਤੇ ਅਲਾਟ ਕੀਤਾ ਗਿਆ ਸੀ। ਇਸ ਦਾ ਕਬਜ਼ਾ 11 ਜਨਵਰੀ 1982 ਨੂੰ ਕਿਰਾਏਦਾਰ ਦੁਆਰਾ ਦੁਰਵਰਤੋਂ ਦੇ ਆਧਾਰ 'ਤੇ ਵਾਪਸ ਲੈ ਲਿਆ ਗਿਆ ਸੀ।
ਗਰਗ ਨੇ ਮੁੱਖ ਪ੍ਰਸ਼ਾਸਕ ਅੱਗੇ ਅਪੀਲ ਦਾਇਰ ਕੀਤੀ ਅਤੇ 26 ਜੂਨ 1984 ਨੂੰ ਘਰ ਨੂੰ ਬਹਾਲ ਕਰ ਦਿਤਾ ਗਿਆ। ਹਾਲਾਂਕਿ, ਕਿਰਾਏਦਾਰ ਦੁਆਰਾ ਜਾਇਦਾਦ ਦੀ ਦੁਰਵਰਤੋਂ ਜਾਰੀ ਰਹੀ। ਜਿਸ 'ਤੇ ਮਕਾਨ ਮਾਲਕ ਨੇ ਸਲਾਹਕਾਰ ਕੋਲ ਇਕ ਨਜ਼ਰਸਾਨੀ ਪਟੀਸ਼ਨ ਦਾਇਰ ਕੀਤੀ ਪਰ ਇਸ ਨੂੰ ਖਾਰਜ ਕਰ ਦਿਤਾ ਗਿਆ। ਇਸ ਤੋਂ ਬਾਅਦ ਮਕਾਨ ਮਾਲਕ ਨੇ ਹਾਈ ਕੋਰਟ ਦਾ ਰੁਖ ਕੀਤਾ, ਜਿਸ ਨੇ ਕੋਰਟ ਨੇ ਮਕਾਨ ਮਾਲਕ ਦੇ ਹੱਕ ਵਿਚ ਫ਼ੈਸਲਾ ਸੁਣਾਉਂਦਿਆਂ 21 ਸਤੰਬਰ 1998 ਨੂੰ ਘਰ ਦਾ ਕਬਜ਼ਾ ਮਕਾਨ ਮਾਲਕ ਨੂੰ ਦੇ ਦਿਤਾ। ਮਾਲਕ ਨੇ 30 ਦਿਨਾਂ ਵਿਚ 12 ਫ਼ੀ ਸਦੀ ਵਿਆਜ ਸਮੇਤ ਕਬਜ਼ੇ ਦੀ ਰਕਮ ਅਦਾ ਕਰ ਦਿਤੀ। 8 ਅਪ੍ਰੈਲ 1999 ਨੂੰ ਅਸਟੇਟ ਦਫ਼ਤਰ ਨੇ 'ਬਕਾਇਆ ਰਾਸ਼ੀ ਨਹੀਂ' ਸਰਟੀਫਿਕੇਟ ਵੀ ਜਾਰੀ ਕੀਤਾ।
2017 ਵਿਚ ਮਕਾਨ ਮਾਲਕ ਦੇ ਦੇਹਾਂਤ ਤੋਂ ਬਾਅਦ, ਉਸ ਦੇ ਪੁੱਤਰ ਅਨਿਲ ਗਰਗ ਨੇ ਅਪਣੇ ਹੱਕ ਵਿਚ ਮਕਾਨ ਦੇ ਤਬਾਦਲੇ ਲਈ ਅਰਜ਼ੀ ਦਿਤੀ ਪਰ ਉਸ ਨੂੰ ਪਤਾ ਲੱਗਾ ਕਿ ਘਰ ਅਜੇ ਵੀ ਕਿਸੇ ਹੋਰ ਦੇ ਕਬਜ਼ੇ ਵਿਚ ਹੀ ਹੈ। ਜਿਸ 'ਤੇ ਅਨਿਲ ਗਰਗ ਨੇ ਮੁੱਖ ਪ੍ਰਸ਼ਾਸਕ ਅੱਗੇ ਅਪੀਲ ਦਾਇਰ ਕੀਤੀ।
ਮੁੱਖ ਪ੍ਰਸ਼ਾਸਕ ਨੇ ਕਿਹਾ ਕਿ ਅਸਟੇਟ ਦਫ਼ਤਰ ਦਾ ਵਕੀਲ ਇਹ ਸਾਬਤ ਕਰਨ ਵਿਚ ਅਸਫ਼ਲ ਰਿਹਾ ਕਿ ਦਾਅਵੇ ਮੁਤਾਬਕ ਅਲਾਟੀ ਨੇ 12 ਫ਼ੀ ਸਦੀ ਵਿਆਜ ਜਮ੍ਹਾ ਨਹੀਂ ਕੀਤਾ ਸੀ। ਕੌਂਸਲ ਨੇ ਇਹ ਮੰਨਿਆ ਕਿ ਡੀਲਿੰਗ ਹੈਂਡ ਦੀ ਅਣਗਹਿਲੀ ਕਾਰਨ ਇਹ ਵਿਵਾਦ ਪੈਦਾ ਹੋਇਆ ਅਤੇ ਅਪੀਲਕਰਤਾ ਨੂੰ ਨੁਕਸਾਨ ਝੱਲਣਾ ਪਿਆ। ਅਪੀਲਕਰਤਾ ਵਿਵਾਦ ਨੂੰ ਸੁਲਝਾਉਣ ਲਈ ਬੇਕਸੂਰ ਹੋਣ ਦੇ ਬਾਵਜੂਦ ਵਿਆਜ ਸਮੇਤ ਬਕਾਇਆ ਜਮ੍ਹਾ ਕਰਵਾਉਣ ਲਈ ਤਿਆਰ ਸੀ, ਪਰ ਅਸਟੇਟ ਦਫ਼ਤਰ ਅਜੇ ਵੀ ਇਸ ਨੂੰ ਮੰਨਣ ਲਈ ਤਿਆਰ ਨਹੀਂ ਸੀ।
ਇਹ ਮਾਮਲਾ ਕਈ ਸਾਲਾਂ ਤਕ ਚਲਦਾ ਰਿਹਾ ਅਤੇ ਆਖਰ ਅਨਿਲ ਗਰਗ ਦੀ ਵੀ ਮੌਤ ਹੋ ਗਈ ਜਿਸ ਤੋਂ ਬਾਅਦ ਉਸ ਦੀ ਪਤਨੀ ਗੀਤਾ ਗਰਗ ਨੇ ਇਹ ਕਾਨੂੰਨੀ ਲੜਾਈ ਲੜੀ। ਹਾਲਾਂਕਿ ਹੁਣ ਘਰ ਦਾ ਕਬਜ਼ਾ ਅਸਲ ਮਾਲਕ ਨੂੰ ਮਿਲ ਗਿਆ ਹੈ ਪਰ ਰਾਮੇਸ਼ਵਰ ਦਾਸ ਗਰਗ ਅਤੇ ਅਨਿਲ ਗਰਗ ਇਸ ਖ਼ੁਸ਼ੀ ਨੂੰ ਮਾਨਣ ਲਈ ਇਸ ਦੁਨੀਆਂ ਵਿਚ ਨਹੀਂ ਹਨ।