
ਇਹ ਮੁਕਾਬਲਾ ਕੁਲਗਾਮ ਦੇ ਮੋਦਰਗਾਮ ਅਤੇ ਚਿਨੀਗਾਮ ਪਿੰਡਾਂ ਵਿੱਚ ਹੋਇਆ
Jammu Kashmir : ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਖਿਲਾਫ ਸੁਰੱਖਿਆ ਬਲਾਂ ਦੀ ਕਾਰਵਾਈ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲੇ 'ਚ ਦੋ ਮੁੱਠਭੇੜ 'ਚ 2 ਜਵਾਨ ਸ਼ਹੀਦ ਹੋ ਗਏ। ਅੱਤਵਾਦੀਆਂ ਨਾਲ ਮੁਕਾਬਲੇ 'ਚ ਸੁਰੱਖਿਆ ਬਲਾਂ ਨੇ ਘੱਟੋ-ਘੱਟ 6 ਅੱਤਵਾਦੀਆਂ ਨੂੰ ਵੀ ਢੇਰ ਕਰ ਦਿੱਤਾ ਹੈ। ਇਹ ਮੁਕਾਬਲਾ ਕੁਲਗਾਮ ਦੇ ਮੋਦਰਗਾਮ ਅਤੇ ਚਿਨੀਗਾਮ ਪਿੰਡਾਂ ਵਿੱਚ ਹੋਇਆ। 6 ਅੱਤਵਾਦੀਆਂ ਵਿੱਚੋਂ ਦੋ ਮਦਰਗਾਮ ਵਿੱਚ ਅਤੇ ਬਾਕੀ ਚਾਰ ਚਿਨੀਗਾਮ ਵਿੱਚ ਮਾਰੇ ਗਏ।
ਕੁਲਗਾਮ ਦੇ ਮੋਦਰਗਾਮ 'ਚ ਇਕ ਬਾਗ 'ਚ ਬਣੇ ਟਿਕਾਣੇ 'ਚ ਦੋ ਤੋਂ ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਹੈ।ਓਥੇ ਹੀ ਚਿਨੀਗਾਮ ਫ੍ਰਿਸਲ 'ਚ ਇਕ ਹੋਰ ਅੱਤਵਾਦੀ ਦੇ ਲੁਕੇ ਹੋਣ ਦੀ ਸੰਭਾਵਨਾ ਹੈ। ਫਿਲਹਾਲ ਅੱਤਵਾਦੀਆਂ ਖਿਲਾਫ ਫੌਜ ਦਾ ਆਪਰੇਸ਼ਨ ਜਾਰੀ ਹੈ। ਅੱਤਵਾਦੀਆਂ ਖਿਲਾਫ ਇਹ ਆਪਰੇਸ਼ਨ ਅਜਿਹੇ ਦਿਨ ਚੱਲ ਰਿਹਾ ਹੈ ,ਜਦੋਂ ਖਰਾਬ ਮੌਸਮ ਕਾਰਨ ਅਮਰਨਾਥ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
ਕੁਲਗਾਮ ਵਿੱਚ ਹੋਈ ਮੁੱਠਭੇੜ
ਪਹਿਲੀ ਮੁੱਠਭੇੜ ਮੋਦਰਗਾਮ ਪਿੰਡ ਵਿੱਚ ਹੋਈ, ਜਿੱਥੇ ਪੈਰਾ ਕਮਾਂਡੋ ਲਾਂਸ ਨਾਇਕ ਪ੍ਰਦੀਪ ਨੈਨ ਕਾਰਵਾਈ ਵਿੱਚ ਸ਼ਹੀਦ ਹੋ ਗਏ। ਸੁਰੱਖਿਆ ਬਲਾਂ ਨੇ ਖੁਫੀਆ ਸੂਚਨਾ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕੀਤੀ ਅਤੇ ਘੱਟੋ-ਘੱਟ ਦੋ ਤੋਂ ਤਿੰਨ ਅੱਤਵਾਦੀਆਂ ਨੂੰ ਉਨ੍ਹਾਂ ਦੇ ਟਿਕਾਣੇ 'ਤੇ ਘੇਰ ਲਿਆ।
ਦੂਜੀ ਮੁੱਠਭੇੜ ਫ੍ਰਿਸਲ ਚਿਨੀਗਾਮ ਪਿੰਡ ਵਿੱਚ ਹੋਈ , ਜਦੋਂ ਸੁਰੱਖਿਆ ਬਲਾਂ ਨੂੰ ਇਲਾਕੇ ਵਿੱਚ ਲਸ਼ਕਰ-ਏ-ਤੋਇਬਾ ਦੇ ਸੰਭਾਵਿਤ ਅੱਤਵਾਦੀਆਂ ਬਾਰੇ ਸੂਚਨਾ ਮਿਲੀ। ਆਪਰੇਸ਼ਨ ਦੌਰਾਨ ਪਹਿਲੀ ਰਾਸ਼ਟਰੀ ਰਾਈਫਲਜ਼ ਦੇ ਹੌਲਦਾਰ ਰਾਜ ਕੁਮਾਰ ਸ਼ਹੀਦ ਹੋ ਗਏ।
ਅੱਤਵਾਦੀਆਂ ਖਿਲਾਫ ਕਾਰਵਾਈ ਜਾਰੀ ਰਹੇਗੀ
ਪਿੰਡ ਪਹੁੰਚਣ 'ਤੇ ਇਕ ਘਰ 'ਚ ਲੁਕੇ ਹੋਏ ਅੱਤਵਾਦੀਆਂ ਨੇ ਅਚਾਨਕ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਦੋਵਾਂ ਥਾਵਾਂ 'ਤੇ ਗੋਲੀਬਾਰੀ ਚੱਲ ਰਹੀ ਹੈ। ਕਸ਼ਮੀਰ ਪੁਲਿਸ ਦੇ ਇੰਸਪੈਕਟਰ ਜਨਰਲ ਵੀਕੇ ਬਿਰਧੀ ਨੇ ਮੁਕਾਬਲੇ ਵਾਲੀਆਂ ਥਾਵਾਂ ਦਾ ਦੌਰਾ ਕੀਤਾ ਅਤੇ ਕਿਹਾ ਕਿ ਅੱਤਵਾਦ ਵਿਰੋਧੀ ਮੁਹਿੰਮ ਜਾਰੀ ਰਹੇਗੀ।
ਦੱਸ ਦੇਈਏ ਕਿ ਪਿਛਲੇ ਮਹੀਨੇ ਹੀ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਦੀ ਸ਼ਾਖਾ ਦ ਰੇਸਿਸਟੈਂਸ ਫਰੰਟ ਦੇ ਦੋ ਚੋਟੀ ਦੇ ਕਮਾਂਡਰ ਪੁਲਵਾਮਾ ਜ਼ਿਲੇ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਇਕ ਘਰ 'ਚ ਫਸ ਗਏ ਸਨ।