
ਕਿਹਾ, ਸਤਸੰਗ ’ਚ ਕੁਝ ਲੋਕਾਂ ਨੇ ਜ਼ਹਿਰਲੇ ਪਦਾਰਥ ਦੇ ਡੱਬੇ ਖੋਲ੍ਹੇ, ਜਿਸ ਨਾਲ ਭਾਜੜ ਮਚੀ, ਇਹ ਸਾਜ਼ਸ਼ ਭੋਲੇ ਬਾਬਾ ਦੀ ‘ਵਧਦੀ ਪ੍ਰਸਿੱਧੀ’ ਕਾਰਨ ਰਚੀ ਗਈ
ਨਵੀਂ ਦਿੱਲੀ: ਭੋਲੇ ਬਾਬਾ ਦੇ ਵਕੀਲ ਨੇ ਕਿਹਾ ਹੈ ਕਿ ਕੁੱਝ ਲੋਕਾਂ ਨੇ ਸਤਿਸੰਗ ’ਚ ਜ਼ਹਿਰੀਲੇ ਪਦਾਰਥਾਂ ਦੇ ਡੱਬੇ ਖੋਲ੍ਹੇ ਸਨ, ਜਿਸ ਕਾਰਨ ਭਾਜੜ ਮਚ ਗਈ ਸੀ। ਭੋਲੇ ਬਾਬਾ ਦੇ ਵਕੀਲ ਏ.ਪੀ. ਸਿੰਘ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਚਸ਼ਮਦੀਦਾਂ ਨੇ ਉਨ੍ਹਾਂ ਨੂੰ ਇਹ ਜਾਣਕਾਰੀ ਦਿਤੀ। ਦਿੱਲੀ ’ਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਏ.ਪੀ. ਸਿੰਘ ਨੇ ਭਾਜੜ ਪਿੱਛੇ ਸਾਜ਼ਸ਼ ਦਾ ਵੀ ਦੋਸ਼ ਲਾਇਆ ਅਤੇ ਕਿਹਾ ਕਿ ਇਹ ਭੋਲੇ ਬਾਬਾ ਦੀ ‘ਵਧਦੀ ਪ੍ਰਸਿੱਧੀ’ ਕਾਰਨ ਰਚੀ ਗਈ ਸੀ।
ਉਨ੍ਹਾਂ ਕਿਹਾ, ‘‘ਚਸ਼ਮਦੀਦਾਂ ਨੇ ਮੇਰੇ ਨਾਲ ਸੰਪਰਕ ਕੀਤਾ ਅਤੇ ਮੈਨੂੰ ਦਸਿਆ ਕਿ ਭੀੜ ਵਿਚ 15-16 ਲੋਕ ਜ਼ਹਿਰੀਲੇ ਪਦਾਰਥਾਂ ਦੇ ਡੱਬੇ ਲੈ ਕੇ ਜਾ ਰਹੇ ਸਨ। ਮੈਂ ਮਾਰੇ ਗਏ ਲੋਕਾਂ ਦੀਆਂ ਪੋਸਟਮਾਰਟਮ ਰੀਪੋਰਟਾਂ ਵੇਖੀਆਂ ਹਨ ਅਤੇ ਇਹ ਪ੍ਰਗਟਾਵਾ ਹੋਇਆ ਹੈ ਕਿ ਉਨ੍ਹਾਂ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ ਨਾ ਕਿ ਸੱਟਾਂ ਕਾਰਨ।’’
ਭਾਜੜ ਪਿੱਛੇ ਸਾਜ਼ਸ਼ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਮੌਕੇ ’ਤੇ ਗੱਡੀਆਂ ਖੜ੍ਹੀਆਂ ਸਨ ਤਾਂ ਜੋ ਲੋਕਾਂ ਨੂੰ ਭੱਜਣ ’ਚ ਮਦਦ ਮਿਲ ਸਕੇ। ਉਨ੍ਹਾਂ ਕਿਹਾ, ‘‘ਸਾਡੇ ਕੋਲ ਸਬੂਤ ਹਨ ਅਤੇ ਅਸੀਂ ਉਨ੍ਹਾਂ ਨੂੰ ਪੇਸ਼ ਕਰਾਂਗੇ। ਇਹ ਪਹਿਲੀ ਵਾਰ ਹੈ ਜਦੋਂ ਮੈਂ ਇਸ ਬਾਰੇ ਗੱਲ ਕਰ ਰਿਹਾ ਹਾਂ।’’ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਆਉਣ ਵਾਲੇ ਗਵਾਹਾਂ ਨੇ ਅਪਣਾ ਨਾਮ ਗੁਪਤ ਰੱਖਣ ਦੀ ਬੇਨਤੀ ਕੀਤੀ।
ਹਰ ਉਸ ਵਿਅਕਤੀ ਤੋਂ ਪੁੱਛ-ਪੜਤਾਲ ਕਰਾਂਗੇ ਜਿਸ ਨਾਲ ਗੱਲ ਕਰਨਾ ਜ਼ਰੂਰੀ ਹੈ : ‘ਭੋਲੇ ਬਾਬਾ’ ’ਤੇ ਜੁਡੀਸ਼ੀਅਲ ਕਮਿਸ਼ਨ
ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਨੇ ਸਥਾਨਕ ਲੋਕਾਂ, ਅਧਿਕਾਰੀਆਂ ਅਤੇ ਭਾਜੜ ਦੇ ਚਸ਼ਮਦੀਦਗਵਾਹਾਂ ਨਾਲ ਗੱਲਬਾਤ ਕੀਤੀ
ਨੋਇਡਾ: ਉੱਤਰ ਪ੍ਰਦੇਸ਼ ਸਰਕਾਰ ਦਾ ਨਿਆਂਇਕ ਕਮਿਸ਼ਨ 2 ਜੁਲਾਈ ਨੂੰ ਹਾਥਰਸ ’ਚ ਭਾਜੜ ਦੀ ਜਾਂਚ ਲਈ ਹਰ ਉਸ ਵਿਅਕਤੀ ਨਾਲ ਗੱਲ ਕਰੇਗਾ, ਜਿਸ ਨੂੰ ਇਸ ਮਾਮਲੇ ਦੀ ਜਾਂਚ ’ਚ ਗੱਲ ਕਰਨੀ ਹੋਵੇਗੀ। ਜਾਂਚ ਕਮਿਸ਼ਨ ਦੇ ਇਕ ਮੈਂਬਰ ਨੇ ਇਹ ਗੱਲ ਉਦੋਂ ਕਹੀ ਜਦੋਂ ਐਤਵਾਰ ਨੂੰ ਉਨ੍ਹਾਂ ਤੋਂ ਇਹ ਪੁਛਿਆ ਗਿਆ ਕਿ ਕੀ ਆਪੂ ਬਣੇ ਭੋਲੇ ਬਾਬਾ ਤੋਂ ਪੁੱਛ-ਪੜਤਾਲ ਕੀਤੀ ਜਾਵੇਗੀ।
ਕਮਿਸ਼ਨ ਦੇ ਇਕ ਹੋਰ ਮੈਂਬਰ ਇਲਾਹਾਬਾਦ ਹਾਈ ਕੋਰਟ ਦੇ ਸੇਵਾਮੁਕਤ ਜੱਜ ਬ੍ਰਿਜੇਸ਼ ਕੁਮਾਰ ਸ਼੍ਰੀਵਾਸਤਵ ਨੇ ਹਾਥਰਸ ਵਿਚ ਪੱਤਰਕਾਰਾਂ ਨੂੰ ਦਸਿਆ ਕਿ ਨਿਆਂਇਕ ਕਮਿਸ਼ਨ ਇਕ ਜਨਤਕ ਨੋਟਿਸ ਜਾਰੀ ਕਰ ਕੇ ਸਥਾਨਕ ਲੋਕਾਂ ਅਤੇ ਘਟਨਾ ਦੇ ਚਸ਼ਮਦੀਦ ਗਵਾਹਾਂ ਨੂੰ ਭਾਜੜ ਨਾਲ ਜੁੜੇ ਕਿਸੇ ਵੀ ਸਬੂਤ ਨੂੰ ਸਾਂਝਾ ਕਰਨ ਅਤੇ ਅਪਣੇ ਬਿਆਨ ਦਰਜ ਕਰਨ ਲਈ ਕਹੇਗਾ।
ਸ਼੍ਰੀਵਾਸਤਵ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਟੀਮ ’ਚ ਸਾਬਕਾ ਆਈ.ਏ.ਐਸ. ਅਧਿਕਾਰੀ ਹੇਮੰਤ ਰਾਓ ਅਤੇ ਸਾਬਕਾ ਆਈ.ਪੀ.ਐਸ. ਅਧਿਕਾਰੀ ਭਾਵੇਸ਼ ਕੁਮਾਰ ਵੀ ਸ਼ਾਮਲ ਹਨ। ਇਹ ਪੁੱਛੇ ਜਾਣ ’ਤੇ ਕਿ ਕੀ ਨਿਆਂਇਕ ਕਮਿਸ਼ਨ ਵੀ ਸਵੈ-ਐਲਾਨ ਬਾਬਾ ਤੋਂ ਪੁੱਛ-ਪੜਤਾਲ ਕਰੇਗਾ, ਭਾਵੇਸ਼ ਕੁਮਾਰ ਨੇ ਕਿਹਾ, ‘‘ਕਮਿਸ਼ਨ ਹਰ ਉਸ ਵਿਅਕਤੀ ਨਾਲ ਗੱਲ ਕਰੇਗਾ ਜਿਸ ਨਾਲ ਹਾਥਰਸ ਭਾਜੜ ਮਾਮਲੇ ਦੀ ਜਾਂਚ ਲਈ ਗੱਲ ਕਰਨਾ ਜ਼ਰੂਰੀ ਹੈ।’’
ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਨੇ ਐਤਵਾਰ ਨੂੰ ਸਥਾਨਕ ਲੋਕਾਂ, ਅਧਿਕਾਰੀਆਂ ਅਤੇ ਭਾਜੜ ਦੇ ਚਸ਼ਮਦੀਦਗਵਾਹਾਂ ਨਾਲ ਗੱਲਬਾਤ ਕੀਤੀ। ਇਸ ਹਾਦਸੇ ’ਚ 121 ਲੋਕਾਂ ਦੀ ਮੌਤ ਹੋ ਗਈ ਸੀ। ਭਾਜੜ ਦੀ ਘਟਨਾ ਦੇ ਸਬੰਧ ’ਚ ਹੁਣ ਤਕ ਮੁੱਖ ਦੋਸ਼ੀ ਦੇਵਪ੍ਰਕਾਸ਼ ਮਧੂਕਰ ਸਮੇਤ ਨੌਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।