ਕੋਵਿਡ-19 ਮਹਾਂਮਾਰੀ ਕਾਰਨ ਅਪਣੀ ਤਨਖਾਹ ਛੱਡਣ ਦਾ ਫੈਸਲਾ ਕੀਤਾ ਸੀ
Mukesh Ambani Salary : ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ.ਆਈ.ਐਲ.) ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਲਗਾਤਾਰ ਚੌਥੇ ਸਾਲ ਕੋਈ ਤਨਖਾਹ ਨਹੀਂ ਲਈ ਹੈ। ਹਾਲਾਂਕਿ, ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਅੰਬਾਨੀ ਦੇ ਬੱਚਿਆਂ ਨੂੰ ਦੇਸ਼ ਦੀ ਸਭ ਤੋਂ ਮੁੱਲਵਾਨ ਕੰਪਨੀ ਦੇ ਬੋਰਡ ’ਚ ਸ਼ਾਮਲ ਹੋਣ ਲਈ ‘ਸਿਟਿੰਗ ਫੀਸ’ ਅਤੇ ‘ਕਮਿਸ਼ਨ’ ਮਿਲਿਆ। ਮੀਟਿੰਗਾਂ ’ਚ ਸ਼ਾਮਲ ਹੋਣ ਲਈ ਕੰਪਨੀ ਦੇ ਨਿਰਦੇਸ਼ਕ ਮੰਡਲ ਦੇ ਸੁਤੰਤਰ ਮੈਂਬਰਾਂ ਨੂੰ ‘ਸਿਟਿੰਗ ਫੀਸ’ ਦਾ ਭੁਗਤਾਨ ਕੀਤਾ ਜਾਂਦਾ ਹੈ।
67 ਸਾਲ ਦੇ ਅੰਬਾਨੀ ਨੇ ਵਿੱਤੀ ਸਾਲ 2008-09 ਤੋਂ 2019-20 ਤਕ ਅਪਣੀ ਸਾਲਾਨਾ ਤਨਖਾਹ 15 ਕਰੋੜ ਰੁਪਏ ਤੈਅ ਕੀਤੀ ਸੀ। ਵਿੱਤੀ ਸਾਲ 2020-21 ਤੋਂ, ਉਨ੍ਹਾਂ ਨੇ ਕੋਵਿਡ-19 ਮਹਾਂਮਾਰੀ ਕਾਰਨ ਅਪਣੀ ਤਨਖਾਹ ਛੱਡਣ ਦਾ ਫੈਸਲਾ ਕੀਤਾ ਜਦੋਂ ਤਕ ਕੰਪਨੀ ਅਤੇ ਇਸ ਦੇ ਸਾਰੇ ਕਾਰੋਬਾਰ ਅਪਣੀ ਕਮਾਈ ਦੀ ਸਮਰੱਥਾ ’ਤੇ ਪੂਰੀ ਤਰ੍ਹਾਂ ਵਾਪਸ ਨਹੀਂ ਆ ਜਾਂਦੇ।
ਕੰਪਨੀ ਦੀ ਤਾਜ਼ਾ ਸਾਲਾਨਾ ਰੀਪੋਰਟ ਮੁਤਾਬਕ ਵਿੱਤੀ ਸਾਲ 2023-24 ’ਚ ਉਨ੍ਹਾਂ ਨੂੰ ਤਨਖਾਹ ਭੱਤਿਆਂ ਦੇ ਨਾਲ-ਨਾਲ ਰਿਟਾਇਰਮੈਂਟ ਲਾਭ ਦੇ ਰੂਪ ’ਚ ‘ਸਿਫ਼ਰ’ ਰਕਮ ਮਿਲੀ ਸੀ।
ਅੰਬਾਨੀ 1977 ਤੋਂ ਰਿਲਾਇੰਸ ਦੇ ਨਿਰਦੇਸ਼ਕ ਮੰਡਲ ’ਚ ਹਨ। ਅੰਬਾਨੀ ਜੁਲਾਈ 2002 ’ਚ ਅਪਣੇ ਪਿਤਾ ਅਤੇ ਸਮੂਹ ਦੇ ਸੰਸਥਾਪਕ ਧੀਰੂਭਾਈ ਅੰਬਾਨੀ ਦੀ ਮੌਤ ਤੋਂ ਬਾਅਦ ਚੇਅਰਮੈਨ ਹਨ। ਮੁਕੇਸ਼ ਅੰਬਾਨੀ ਨੂੰ ਪਿਛਲੇ ਸਾਲ ਅਪ੍ਰੈਲ 2029 ਤਕ ਪੰਜ ਸਾਲ ਦੇ ਕਾਰਜਕਾਲ ਲਈ ਰਿਲਾਇੰਸ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਇਸ ਮਿਆਦ ਦੌਰਾਨ ਸਿਫ਼ਰ ਤਨਖਾਹ ਲੈਣ ਦੀ ਚੋਣ ਕੀਤੀ ਹੈ।
ਪਿਛਲੇ ਸਾਲ ਉਨ੍ਹਾਂ ਦੀ ਮੁੜ ਨਿਯੁਕਤੀ ਲਈ ਸ਼ੇਅਰਧਾਰਕਾਂ ਦੀ ਮਨਜ਼ੂਰੀ ਮੰਗਣ ਵਾਲੇ ਇਕ ਵਿਸ਼ੇਸ਼ ਪ੍ਰਸਤਾਵ ਵਿਚ ਕਿਹਾ ਗਿਆ ਸੀ, ‘‘ਹਾਲਾਂਕਿ, ਉਹ ਕਾਰੋਬਾਰੀ ਦੌਰਿਆਂ ਦੌਰਾਨ ਯਾਤਰਾ, ਭੋਜਨ ਅਤੇ ਰਿਹਾਇਸ਼ ਲਈ ਹੋਏ ਖਰਚਿਆਂ ਦੀ ਵਾਪਸੀ ਦੇ ਹੱਕਦਾਰ ਹੋਣਗੇ। ਇਸ ’ਚ ਪਤੀ/ਪਤਨੀ ਅਤੇ ਸਾਥੀ ਸ਼ਾਮਲ ਹਨ।’’
ਇਸ ’ਚ ਕਿਹਾ ਗਿਆ ਸੀ, ‘‘ਕੰਪਨੀ ਅੰਬਾਨੀ ਅਤੇ ਉਨ੍ਹਾਂ ਦੇ ਪਰਵਾਰ ਕ ਮੈਂਬਰਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਪ੍ਰਬੰਧ ਕਰੇਗੀ ਅਤੇ ਇਸ ਲਈ ਕੰਪਨੀ ਵਲੋਂ ਕੀਤੇ ਗਏ ਕਿਸੇ ਵੀ ਖਰਚੇ ਨੂੰ ਮੁਆਵਜ਼ਾ ਨਹੀਂ ਮੰਨਿਆ ਜਾਵੇਗਾ।’’ਅੰਬਾਨੀ ਦੀ ਜਾਇਦਾਦ 109 ਅਰਬ ਡਾਲਰ ਹੈ। ਉਹ ਦੁਨੀਆਂ ਦੇ 11ਵੇਂ ਸੱਭ ਤੋਂ ਅਮੀਰ ਵਿਅਕਤੀ ਹਨ।
ਉਨ੍ਹਾਂ ਅਤੇ ਉਨ੍ਹਾਂ ਦੇ ਪਰਵਾਰ ਕੋਲ ਰਿਲਾਇੰਸ ’ਚ 332.27 ਕਰੋੜ ਸ਼ੇਅਰ ਜਾਂ 50.33 ਫੀ ਸਦੀ ਹਿੱਸੇਦਾਰੀ ਹੈ। ਇਸ ਹਿੱਸੇਦਾਰੀ ਨਾਲ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਵਾਰ ਨੂੰ 2023-24 ਲਈ 3,322.7 ਕਰੋੜ ਰੁਪਏ ਦੀ ਲਾਭਅੰਸ਼ ਆਮਦਨ ਮਿਲੇਗਾ, ਜਿਸ ਲਈ ਕੰਪਨੀ ਨੇ 10 ਰੁਪਏ ਪ੍ਰਤੀ ਸ਼ੇਅਰ ਦੇ ਲਾਭਅੰਸ਼ ਦਾ ਐਲਾਨ ਕੀਤਾ ਹੈ।
ਅੰਬਾਨੀ ਦੇ ਚਚੇਰੇ ਭਰਾ ਨਿਖਿਲ ਅਤੇ ਹਿਤਲ ਮੇਸਵਾਨੀ ਦਾ ਤਨਖਾਹ ਵਿੱਤੀ ਸਾਲ 2023-24 ’ਚ ਵਧ ਕੇ ਕ੍ਰਮਵਾਰ 25.31 ਕਰੋੜ ਰੁਪਏ ਅਤੇ 25.42 ਕਰੋੜ ਰੁਪਏ ਹੋ ਗਈ। ਵਿੱਤੀ ਸਾਲ 2022-23 ’ਚ ਦੋਹਾਂ ਦੀ ਤਨਖਾਹ 25-25 ਕਰੋੜ ਰੁਪਏ ਸੀ। ਇਸ ’ਚ 17.28 ਕਰੋੜ ਰੁਪਏ ਦਾ ਕਮਿਸ਼ਨ (ਪਿਛਲੇ ਦੋ ਵਿੱਤੀ ਸਾਲਾਂ ਤੋਂ ਕੋਈ ਤਬਦੀਲੀ ਨਹੀਂ) ਸ਼ਾਮਲ ਹੈ।
ਕਾਰਜਕਾਰੀ ਨਿਰਦੇਸ਼ਕ ਪੀ.ਐਮ.ਐਸ. ਪ੍ਰਸਾਦ ਦੀ ਤਨਖਾਹ ਵਧ ਕੇ 17.93 ਕਰੋੜ ਰੁਪਏ ਹੋ ਗਈ। ਉਨ੍ਹਾਂ ਨੂੰ 2022-23 ’ਚ 13.50 ਕਰੋੜ ਰੁਪਏ ਦੀ ਤਨਖਾਹ ਮਿਲੀ, ਜਿਸ ’ਚ 2021-22 ਲਈ ਪ੍ਰਦਰਸ਼ਨ ਨਾਲ ਜੁੜੇ ਪ੍ਰੋਤਸਾਹਨ ਵੀ ਸ਼ਾਮਲ ਹਨ, ਜੋ 2022-23 ’ਚ ਦਿਤੇ ਗਏ ਸਨ। ਵਿੱਤੀ ਸਾਲ 2021-22 ’ਚ ਉਨ੍ਹਾਂ ਨੂੰ 11.89 ਕਰੋੜ ਰੁਪਏ ਦੀ ਤਨਖਾਹ ਮਿਲੀ ਸੀ।
ਅੰਬਾਨੀ ਦੀ ਪਤਨੀ ਨੀਤਾ ਅੰਬਾਨੀ 28 ਅਗੱਸਤ 2023 ਤਕ ਕੰਪਨੀ ਦੇ ਬੋਰਡ ਆਫ ਡਾਇਰੈਕਟਰਜ਼ ’ਚ ਗੈਰ-ਕਾਰਜਕਾਰੀ ਨਿਰਦੇਸ਼ਕ ਸੀ। ਉਸ ਨੇ 2023-24 ਲਈ ‘ਸਿਟਿੰਗ ਫੀਸ’ ਵਜੋਂ 2 ਲੱਖ ਰੁਪਏ ਅਤੇ ‘ਕਮਿਸ਼ਨ’ ਵਜੋਂ 97 ਲੱਖ ਰੁਪਏ ਲਏ।ਉਨ੍ਹਾਂ ਦੇ ਤਿੰਨ ਬੱਚਿਆਂ ਈਸ਼ਾ, ਆਕਾਸ਼ ਅਤੇ ਅਨੰਤ ਨੂੰ ਪਿਛਲੇ ਸਾਲ ਅਕਤੂਬਰ ’ਚ ਜ਼ੀਰੋ ਤਨਖਾਹ ’ਤੇ ਬੋਰਡ ’ਚ ਨਿਯੁਕਤ ਕੀਤਾ ਗਿਆ ਸੀ। ਤਿੰਨਾਂ ਨੂੰ ‘ਸਿਟਿੰਗ ਫੀਸ’ ਵਜੋਂ 4 ਲੱਖ ਰੁਪਏ ਅਤੇ ‘ਕਮਿਸ਼ਨ’ ਵਜੋਂ 97 ਲੱਖ ਰੁਪਏ ਮਿਲੇ।