ਅਧਿਕਾਰਤ ਸੂਤਰਾਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ
Puja Khedkar News :ਕੇਂਦਰ ਸਰਕਾਰ ਨੇ ਸਾਬਕਾ ਪਰਖ ਅਧੀਨ ਪਬਲਿਕ ਸਰਵੈਂਟ ਪੂਜਾ ਖੇਡਕਰ ਨੂੰ ਤੁਰਤ ਪ੍ਰਭਾਵ ਨਾਲ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਤੋਂ ਹਟਾ ਦਿਤਾ ਹੈ। ਅਧਿਕਾਰਤ ਸੂਤਰਾਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।
ਖੇਡਕਰ ’ਤੇ ਸਿਵਲ ਸੇਵਾਵਾਂ ’ਚ ਚੋਣ ਯਕੀਨੀ ਬਣਾਉਣ ਲਈ ਹੋਰ ਪੱਛੜੇ ਵਰਗ (ਓ.ਬੀ.ਸੀ.) ਅਤੇ ਅਪੰਗਤਾ ਕੋਟੇ ਦੇ ਲਾਭਾਂ ਨੂੰ ਗਲਤ ਤਰੀਕੇ ਨਾਲ ਲੈਣ ਅਤੇ ਧੋਖਾਧੜੀ ਕਰਨ ਦਾ ਦੋਸ਼ ਹੈ। ਖੇਡਕਰ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਸੂਤਰਾਂ ਨੇ ਦਸਿਆ ਕਿ ਕੇਂਦਰ ਸਰਕਾਰ ਨੇ 6 ਸਤੰਬਰ, 2024 ਦੇ ਹੁਕਮ ਰਾਹੀਂ ਖੇਡਕਰ ਨੂੰ ਆਈ.ਏ.ਐਸ. (ਪ੍ਰੋਬੇਸ਼ਨ) ਨਿਯਮ, 1954 ਦੇ ਨਿਯਮ 12 ਦੇ ਤਹਿਤ ਤੁਰਤ ਪ੍ਰਭਾਵ ਨਾਲ ਭਾਰਤੀ ਪ੍ਰਸ਼ਾਸਕੀ ਸੇਵਾ ਤੋਂ ਮੁਕਤ ਕਰ ਦਿਤਾ ਹੈ।
ਇਹ ਨਿਯਮ ਕੇਂਦਰ ਸਰਕਾਰ ਨੂੰ ਅਧਿਕਾਰ ਦਿੰਦੇ ਹਨ ਕਿ ਜੇ ਪ੍ਰੋਬੇਸ਼ਨ ਅਧੀਨ ਵਿਅਕਤੀ ‘‘ਦੁਬਾਰਾ ਇਮਤਿਹਾਨ ਪਾਸ ਕਰਨ ’ਚ ਅਸਫਲ ਰਹਿੰਦਾ ਹੈ ਜਾਂ ਜੇ ਕੇਂਦਰ ਸਰਕਾਰ ਸੰਤੁਸ਼ਟ ਹੈ ਕਿ ਪ੍ਰੋਬੇਸ਼ਨ ਸੇਵਾ ’ਚ ਭਰਤੀ ਲਈ ਅਯੋਗ ਸੀ ਜਾਂ ਸੇਵਾ ਦਾ ਮੈਂਬਰ ਬਣਨ ਲਈ ਅਯੋਗ ਸੀ’’ ਤਾਂ ਉਹ ਉਸ ਨੂੰ ਸੇਵਾ ਤੋਂ ਮੁਕਤ ਕਰ ਸਕਦੀ ਸੀ।’’
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਨੇ 31 ਜੁਲਾਈ ਨੂੰ ਖੇਡਕਰ ਦੀ ਉਮੀਦਵਾਰੀ ਰੱਦ ਕਰ ਦਿਤੀ ਸੀ ਅਤੇ ਉਨ੍ਹਾਂ ਨੂੰ ਭਵਿੱਖ ਦੀਆਂ ਇਮਤਿਹਾਨ ’ਚ ਬੈਠਣ ਤੋਂ ਰੋਕ ਦਿਤਾ ਸੀ। ਖੇਡਕਰ ਅਪਣੇ ਕਾਡਰ ਰਾਜ ਮਹਾਰਾਸ਼ਟਰ ’ਚ ਪ੍ਰੋਬੇਸ਼ਨਰੀ ਆਈ.ਏ.ਐਸ. ਅਧਿਕਾਰੀ ਵਜੋਂ ਸੇਵਾ ਨਿਭਾ ਰਹੀ ਸੀ।