
ਤੁਰੰਤ ਐਕਸ਼ਨ ਲਿਆ ਜਾਵੇ ਨਹੀਂ ਤਾਂ ਮਜ਼ਬੂਰ ਹੋ ਕੇ ਉਹਨਾਂ ਨੂੰ ਇਸ ਘਟਨਾ ਖਿਲਾਫ਼ ਸਖ਼ਤ ਤੇ ਵੱਡਾ ਅੰਦੋਲਨ ਖੜ੍ਹਾ ਕਰਨਾ ਪਵੇਗਾ।
ਉੱਤਰ ਪ੍ਰਦੇਸ਼ - 3 ਅਕਤੂਬਰ ਨੂੰ ਹੋਈ ਲਖੀਮਪੁਰ ਘਟਨਾ ਨਾਲ ਪੂਰੇ ਦੇਸ਼ 'ਚ ਰੋਸ ਦੇਖਣਨੂੰ ਮਿਲ ਰਿਹਾ, ਹਰ ਕਿਸਾਨ ਸਮਰਥਕ ਕਿਸਾਨਾਂ ਲਈ ਇਨਸਾਫ਼ ਤੇ ਦੋਸ਼ੀਆਂ ਲਈ ਸਜ਼ਾ ਦੀ ਮੰਗ ਕਰ ਰਿਹਾ ਹੈ। ਇਸ ਘਟਨਾ ਵਿਚ ਸ਼ਹੀਦ ਹੋਏ 4 ਕਿਸਾਨਾਂ ਤੇ 4 ਲੋਕਾਂ ਦੇ ਪੀੜਤ ਪਰਿਵਾਰਾਂ ਨੂੰ ਮਿਲਣ ਲਈ ਸਿਆਸੀ ਪਾਰਟੀਆਂ ਵੀ ਲਖੀਮਪੁਰ ਪਹੁੰਚੀਆਂ ਤੇ ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਵੀ ਜਖ਼ਮੀ ਕਿਸਾਨ ਆਗੂ ਤੇਜਿੰਦਰ ਸਿੰਘ ਵਿਰਕ ਨਾਲ ਮੁਲਾਕਾਤ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ 3 ਅਕਤੂਬਰ ਨੂੰ ਭਾਜਪਾਂ ਦੇ ਲੀਡਰਾਂ ਨੇ ਮੌਤ ਦਾ ਤਾਂਡਵ ਮਚਾਇਆ ਤੇ ਸਾਡੇ ਕਿਸਾਨ ਸ਼ਹੀਦ ਹੋਏ, ਇਸ ਘਟਨਾ ਦਾ ਸਾਡੇ ਕਿਸਾਨਾਂ ਨੇ ਡੱਟ ਕੇ ਸਾਹਮਣਾ ਕੀਤਾ ਭਾਵੇਂ ਕਾਫ਼ੀ ਸ਼ਰਾਰਤਾਂ ਵੀ ਹੋਈਆਂ ਪਰ ਸਾਡੇ ਕਿਸਾਨਾਂ ਦੇ ਹੌਂਸਲੇ ਅਜੇ ਵੀ ਬੁਲੰਦ ਹਨ।
ਕਿਸਾਨ ਆਗੂ ਨੇ ਕਿਹਾ ਕਿ ਅੱਜ ਅਸੀਂ ਤੇਜਿੰਦਰ ਸਿੰਘ ਵਿਰਕ ਦੀ ਸਿਹਤ ਦਾ ਹਾਲ ਜਾਣਨ ਲਈ ਆਏ ਸੀ ਤੇ ਵਾਹਿਗੁਰੂ ਦੀ ਕਿਰਪਾ ਹੈ ਕਿ ਤੇਜਿੰਦਰ ਸਿੰਘ ਦੀ ਸਿਹਤ ਠੀਕ ਹੈ ਤੇ ਉਹਨਾਂ ਨੇ ਕਾਫ਼ੀ ਚੜ੍ਹਦੀਕਲਾ ਵਾਲੀਆਂ ਗੱਲਾਂ ਕੀਤੀਆਂ, ਉਹਨਾਂ ਕਿਹਾ ਕਿ ਅਸੀਂ ਉਹਨਾਂ ਦੀ ਸਿਹਤਯਾਬੀ ਲਈ ਅਰਦਾਸ ਵੀ ਕੀਤੀ ਹੈ ਤਾਂ ਜੋ ਉਹ ਜਲਦੀ ਤੋਂ ਜਲਦੀ ਕਿਸਾਨੀ ਸੰਘਰਸ਼ ਵਿਚ ਵਾਪਸ ਆਉਣ। ਉਹਨਾਂ ਕਿਹਾ ਕਿ ਸਾਡੇ ਇਸ ਮੋਰਚੇ ਨੂੰ ਅਜਿਹੇ ਨਿਡਰ ਤੇ ਸੂਝਵਾਨ ਆਗੂਆਂ ਦੀ ਬਹੁਤ ਜ਼ਰੂਰਤ ਹੈ।
Lakhimpur Kheri incident
ਉਹਨਾਂ ਭਾਜਪਾ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਭਾਜਪਾ ਨੇ ਜੋ ਹਰਕਤ ਕੀਤੀ ਹੈ ਉਹ ਜੱਗ ਜਾਹਰ ਹੋ ਗਈ ਹੈ ਤੇ ਉਹਨਾਂ ਨੇ ਜਾਣਬੁੱਝ ਕੇ ਸਾਡੇ ਕਿਸਾਨਾਂ ਖਿਲਾਫ਼ ਇਹ ਸਾਜ਼ਿਸ਼ ਰਚੀ ਹੈ ਤੇ ਸਰਕਾਰ ਨੂੰ ਕਿਸਾਨਾਂ ਤੇ ਲੋਕਾਂ ਦੇ ਰੋਹ ਕਰ ਕੇ ਦੋਸ਼ੀਆਂ ਖਿਲਾਫ਼ ਪਰਚਾ ਦਰਜ ਕਰਨਾ ਪਿਆ। ਕਿਸਾਨ ਆਗੂ ਨੇ ਕਿਹਾ ਕਿ ਉਹ ਇਕ ਵਾਰ ਫਿਰ ਅਪੀਲ ਕਰਦੇ ਹਨ ਕਿ ਅਜੇ ਮਿਸ਼ਰਾ ਦੇ ਬੇਟੇ ਨੂੰ ਤੁਰੰਤ ਕਾਰਵਾਈ ਕਰ ਕੇ ਗ੍ਰਿਫ਼ਤਾਰ ਕੀਤਾ ਜਾਵੇ ਤੇ ਅਜੇ ਮਿਸ਼ਰਾ ਨੂੰ ਵੀ ਉਸ ਦੀ ਪੋਸਟ ਤੋਂ ਹਟਾਇਆ ਜਾਵੇ। ਉਹਨਾਂ ਕਿਹਾ ਕਿ ਤੁਰੰਤ ਐਕਸ਼ਨ ਲਿਆ ਜਾਵੇ ਨਹੀਂ ਤਾਂ ਮਜ਼ਬਰ ਹੋ ਕੇ ਉਹਨਾਂ ਨੂੰ ਇਸ ਘਟਨਾ ਖਿਲਾਫ਼ ਸਖ਼ਤ ਤੇ ਵੱਡਾ ਅੰਦੋਲਨ ਖੜ੍ਹਾ ਕਰਨਾ ਪਵੇਗਾ।