
ਬੈਠਕ ਵਿੱਚ ਬਾਲੀਵੁੱਡ ਵਿੱਚ ਹਿੰਦੂ ਦੇਵੀ-ਦੇਵਤਿਆਂ ਅਤੇ ਧਾਰਮਿਕ ਆਗੂਆਂ ਦੇ ਗ਼ਲਤ ਚਿੱਤਰਣ ਅਤੇ ਫ਼ਿਲਮ ਸੈਂਸਰ ਬੋਰਡ ਦੀ ਭੂਮਿਕਾ ਬਾਰੇ ਚਰਚਾ ਹੋਈ।
ਨਵੀਂ ਦਿੱਲੀ - ਅਖਿਲ ਭਾਰਤੀ 'ਸੰਤ' ਸਮਿਤੀ ਨੇ ਵਕਫ਼ ਬੋਰਡ ਅਤੇ ਘੱਟ ਗਿਣਤੀ ਮਾਮਲਿਆਂ ਦਾ ਮੰਤਰਾਲਾ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਹੈ। ਇਹ ਮੰਗ ਅਖਿਲ ਭਾਰਤੀ ਸੰਤ ਸਮਿਤੀ ਵੱਲੋਂ ਵਿਸ਼ਵ ਹਿੰਦੂ ਪ੍ਰੀਸ਼ਦ, ਅਖਾੜਾ ਪ੍ਰੀਸ਼ਦ ਸਮੇਤ ਵੱਖ-ਵੱਖ ਹਿੰਦੂ ਧਾਰਮਿਕ ਜਥੇਬੰਦੀਆਂ ਅਤੇ ਸਾਧੂਆਂ ਦੀ ਸ਼ਮੂਲੀਅਤ ਨਾਲ 'ਧਰਮਾਦੇਸ਼ 2022' ਨੂੰ ਲੈ ਕੇ ਕੀਤੀ ਗਈ ਬੈਠਕ ਦੌਰਾਨ ਕੀਤੀ ਗਈ।
ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੇਂਦਰੀ ਮੰਤਰੀ ਅਸ਼ੋਕ ਤਿਵਾੜੀ ਨੇ ਦੱਸਿਆ ਕਿ ਮੀਟਿੰਗ ਵਿੱਚ ਮਤੇ ਰਾਹੀਂ ਮੰਗ ਕੀਤੀ ਗਈ ਹੈ ਕਿ ਵਕਫ਼ ਬੋਰਡ ਅਤੇ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਨੂੰ ਖ਼ਤਮ ਕੀਤਾ ਜਾਵੇ। ਤਿਵਾੜੀ ਨੇ ਦੱਸਿਆ ਕਿ ਬੈਠਕ ਵਿੱਚ ਬਾਲੀਵੁੱਡ ਵਿੱਚ ਹਿੰਦੂ ਦੇਵੀ-ਦੇਵਤਿਆਂ ਅਤੇ ਧਾਰਮਿਕ ਆਗੂਆਂ ਦੇ ਗ਼ਲਤ ਚਿੱਤਰਣ ਅਤੇ ਫ਼ਿਲਮ ਸੈਂਸਰ ਬੋਰਡ ਦੀ ਭੂਮਿਕਾ ਬਾਰੇ ਚਰਚਾ ਹੋਈ।
ਤਿਵਾੜੀ ਨੇ ਅੱਗੇ ਕਿਹਾ ਕਿ ਕਮੇਟੀ ਨੇ ਬਾਲੀਵੁੱਡ 'ਚ ਜਾਰੀ ਪ੍ਰਥਾ 'ਤੇ ਡੂੰਘਾ ਇਤਰਾਜ਼ ਪ੍ਰਗਟਾਇਆ ਹੈ, ਅਤੇ 'ਸਨਾਤਨ ਸੈਂਸਰ ਬੋਰਡ' ਦੀ ਸਥਾਪਨਾ ਦੀ ਮੰਗ ਕੀਤੀ ਹੈ। ਅਖਿਲ ਭਾਰਤੀ ਸੰਤ ਸਮਿਤੀ ਦੇ ਰਾਸ਼ਟਰੀ ਜਨਰਲ ਸਕੱਤਰ ਸਵਾਮੀ ਜਿਤੇਂਦਰਾਨੰਦ ਸਰਸਵਤੀ ਨੇ ਕਿਹਾ ਕਿ ਬੈਠਕ 'ਚ ਕਾਸ਼ੀ ਗਿਆਨਵਾਪੀ ਅਤੇ ਸ਼੍ਰੀ ਕ੍ਰਿਸ਼ਨ ਜਨਮ ਭੂਮੀ ਦੇ ਵਿਸ਼ੇ 'ਤੇ ਚਰਚਾ ਕੀਤੀ ਗਈ।
ਮੀਟਿੰਗ ਦੇ ਕਨਵੀਨਰ ਸੰਜੇ ਰਾਏ ਨੇ ਦੱਸਿਆ ਕਿ ਇਸ ਤੋਂ ਪਿਛਲੀ ਅਹਿਮ ਬੈਠਕ ਸਾਲ 2018 ਵਿੱਚ ਹੋਈ ਸੀ, ਅਤੇ ਹੁਣ ਦੀ ਇਹ ਬੈਠਕ ਆਉਣ ਵਾਲੇ ਸਮੇਂ ਵਿੱਚ 'ਸਮਾਜ ਦਾ ਮਾਰਗ ਦਰਸ਼ਨ' ਕਰੇਗੀ। ਬੈਠਕ 'ਚ ਛੱਤੀਸਗੜ੍ਹ ਅਤੇ ਪਾਲਘਰ ਸਮੇਤ ਦੇਸ਼ ਭਰ 'ਚ ਬੱਚਾ ਚੋਰੀ ਦੇ ਨਾਂ 'ਤੇ 'ਸੰਤਾਂ' ਦੀ ਕੁੱਟਮਾਰ ਦੇ ਮਾਮਲਿਆਂ 'ਤੇ ਵੀ ਚਰਚਾ ਕੀਤੀ ਗਈ।