
2 ਦਿਨ ਪਹਿਲਾਂ ਅੰਕਿਤਾ ਕਾਂਡ ਦੀ ਤਰ੍ਹਾਂ ਸਾੜ ਕੇ ਮਾਰਨ ਦੀ ਦਿਤੀ ਸੀ ਧਮਕੀ
ਦੁਮਕਾ : ਝਾਰਖੰਡ ਦੇ ਦੁਮਕਾ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇੱਕ ਸਿਰਫਿਰੇ ਨੂੰ ਲੜਕੀ ਨੇ ਵਿਆਹ ਕਰਵਾਉਣ ਤੋਂ ਜਵਾਬ ਦਿਤਾ ਤਾਂ ਉਸ ਨੇ ਕੁੜੀ ਨੂੰ ਪੈਟਰੋਲ ਪਾ ਕੇ ਜ਼ਿੰਦਾ ਹੀ ਸਾੜ ਦਿਤਾ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਲੋਂ ਲੜਕੀ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦਾ ਇਲਾਜ ਚਲ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਜਰਮੁੰਡੀ ਇਲਾਕੇ ਦੇ ਭਾਲਕੀ ਪਿੰਡ ਦੀ ਰਹਿਣ ਵਾਲੀ ਕੁੜੀ ਨੂੰ ਉਕਤ ਨੌਜਵਾਨ ਨੇ ਵਿਆਹ ਦਾ ਪ੍ਰਸਤਾਵ ਦਿਤਾ ਪਰ ਕੁੜੀ ਦੇ ਇਨਕਾਰ ਕਰਨ 'ਤੇ ਉਸ ਨੇ ਲੜਕੀ ਨੂੰ ਸਾਡੀ ਦੇਣ ਦੀ ਧਮਕੀ ਵੀ ਦਿਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਜਰਮੁੰਡੀ ਦੇ ਸਬ-ਡਿਵੀਜ਼ਨਲ ਪੁਲਸ ਅਧਿਕਾਰੀ (ਐੱਸ.ਡੀ.ਪੀ.ਓ.) ਸ਼ਿਵੇਂਦਰ ਠਾਕੁਰ ਨੇ ਦੱਸਿਆ ਕਿ ਉਕਤ ਦੋਸ਼ੀ ਪਹਿਲਾਂ ਤੋਂ ਵਿਆਹਿਆ ਹੋਇਆ ਹੈ ਅਤੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿਤਾ ਗਿਆ ਜਦੋ ਲੜਕੀ ਸੁੱਤੀ ਹੋਈ ਸੀ।
ਪੁਲਿਸ ਨੇ ਮੈਜਿਸਟ੍ਰੇਟ ਨੂੰ ਬੁਲਾ ਕੇ ਕੁੜੀ ਦਾ ਬਿਆਨ ਦਰਜ ਕਰਵਾਇਆ ਅਤੇ ਮਾਮਲਾ ਦਰਜ ਕਰ ਲਿਆ ਹੈ। ਆਪਣੇ ਬਿਆਨ 'ਚ ਕੁੜੀ ਨੇ ਦੱਸਿਆ,''ਦੋਸ਼ੀ ਨੌਜਵਾਨ ਰਾਜੇਸ਼ ਰਾਵਤ ਨੇ ਮੈਨੂੰ 2 ਦਿਨ ਪਹਿਲਾਂ ਅੰਕਿਤਾ ਕਾਂਡ ਦੀ ਤਰ੍ਹਾਂ ਸਾੜ ਕੇ ਮਾਰਨ ਦੀ ਧਮਕੀ ਦਿੱਤੀ ਸੀ। ਉਸ ਨੇ ਧਮਕੀ ਦਿੱਤੀ ਸੀ ਕਿ ਉਹ ਉਸ ਨੂੰ ਕਿਸੇ ਹੋਰ ਨਾਲ ਵਿਆਹ ਨਹੀਂ ਕਰਨ ਦੇਵੇਗਾ। ਵਿਆਹ ਲਈ ਨਾ ਕਰਨ 'ਤੇ ਰਾਤ ਨੂੰ ਉਹ ਘਰ 'ਚ ਦਾਖ਼ਲ ਹੋਇਆ ਅਤੇ ਪੈਟਰੋਲ ਸੁੱਟ ਕੇ ਮੈਨੂੰ ਸਾੜ ਦਿੱਤਾ।'' ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੁਮਕਾ 'ਚ ਹੀ ਅਗਸਤ ਮਹੀਨੇ ਇਸੇ ਤਰ੍ਹਾਂ ਦੀ ਇਕ ਘਟਨਾ 'ਚ 19 ਸਾਲਾ ਵਿਦਿਆਰਥਣ ਦੀ ਮੌਤ ਹੋ ਗਈ ਸੀ।