
ਚਾਰਜਸ਼ੀਟ ’ਚ ਕਿਹਾ ਕਿ ਸਥਾਨਕ ਪੁਲਿਸ ’ਚ ਵਲੰਟੀਅਰ ਦੇ ਤੌਰ ’ਤੇ ਕੰਮ ਕਰਨ ਵਾਲੇ ਰਾਏ ਨੇ ਹਸਪਤਾਲ ਦੇ ਆਡੀਟੋਰੀਅਮ ’ਚ ਕਥਿਤ ਤੌਰ ’ਤੇ ਇਸ ਘਟਨਾ ਨੂੰ ਅੰਜਾਮ ਦਿਤਾ
Kolkata rape and murder case : ਸੀ.ਬੀ.ਆਈ. ਨੇ ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਇਕ ਟ੍ਰੇਨੀ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਦੇ ਮਾਮਲੇ ’ਚ ਮੁੱਖ ਦੋਸ਼ੀ ਸੰਜੇ ਰਾਏ ਵਿਰੁਧ ਚਾਰਜਸ਼ੀਟ ਦਾਇਰ ਕੀਤੀ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।
ਸੀ.ਬੀ.ਆਈ. ਨੇ ਕੋਲਕਾਤਾ ਦੀ ਵਿਸ਼ੇਸ਼ ਅਦਾਲਤ ’ਚ ਦਾਇਰ ਚਾਰਜਸ਼ੀਟ ’ਚ ਕਿਹਾ ਕਿ ਸਥਾਨਕ ਪੁਲਿਸ ’ਚ ਵਲੰਟੀਅਰ ਦੇ ਤੌਰ ’ਤੇ ਕੰਮ ਕਰਨ ਵਾਲੇ ਰਾਏ ਨੇ 9 ਅਗਸਤ ਨੂੰ ਹਸਪਤਾਲ ਦੇ ਆਡੀਟੋਰੀਅਮ ’ਚ ਕਥਿਤ ਤੌਰ ’ਤੇ ਇਸ ਘਟਨਾ ਨੂੰ ਅੰਜਾਮ ਦਿਤਾ, ਜਦੋਂ ਟ੍ਰੇਨੀ ਡਾਕਟਰ ਉੱਥੇ ਸੌਣ ਗਈ ਸੀ।
ਅਧਿਕਾਰੀਆਂ ਮੁਤਾਬਕ ਏਜੰਸੀ ਨੇ ਚਾਰਜਸ਼ੀਟ ’ਚ ਸਮੂਹਕ ਜਬਰ ਜਨਾਹ ਦੇ ਦੋਸ਼ਾਂ ਦਾ ਜ਼ਿਕਰ ਨਹੀਂ ਕੀਤਾ ਹੈ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਰਾਏ ਨੇ ਇਕੱਲੇ ਹੀ ਅਪਰਾਧ ਕੀਤਾ ਸੀ। ਰਾਏ ਨੂੰ ਕੋਲਕਾਤਾ ਪੁਲਿਸ ਨੇ 10 ਅਗੱਸਤ ਨੂੰ ਸੀ.ਸੀ.ਟੀ.ਵੀ. ਫੁਟੇਜ ਦੇ ਅਧਾਰ ’ਤੇ ਗ੍ਰਿਫਤਾਰ ਕੀਤਾ ਸੀ, ਜਿਸ ’ਚ ਉਹ 9 ਅਗੱਸਤ ਦੀ ਸਵੇਰ ਨੂੰ ਸੈਮੀਨਾਰ ਰੂਮ ’ਚ ਦਾਖਲ ਹੁੰਦਾ ਵਿਖਾਈ ਦਿਤਾ ਸੀ।
ਕੋਲਕਾਤਾ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਸੀ.ਬੀ.ਆਈ. ਨੇ 14 ਅਗੱਸਤ ਨੂੰ ਜਾਂਚ ਅਪਣੇ ਹੱਥ ’ਚ ਲੈ ਲਈ ਸੀ। ਸੀ.ਬੀ.ਆਈ. ਨੇ ਰਾਏ ਨੂੰ ਹਿਰਾਸਤ ’ਚ ਲੈ ਲਿਆ ਅਤੇ ਉਸ ਤੋਂ ਵਿਸਥਾਰ ਪੂਰਵਕ ਪੁੱਛ-ਪੜਤਾਲ ਕੀਤੀ ਜਿਸ ਤੋਂ ਬਾਅਦ ਇਕ ਪੋਲੀਗ੍ਰਾਫ ਟੈਸਟ ਕੀਤਾ ਗਿਆ। ਰਾਏ ਵਲੋਂ ਨਾਰਕੋ ਵਿਸ਼ਲੇਸ਼ਣ ਲਈ ਸਹਿਮਤੀ ਦੇਣ ਤੋਂ ਇਨਕਾਰ ਕਰਨ ਮਗਰੋਂ ਸੀ.ਬੀ.ਆਈ. ਟੈਸਟ ਨਹੀਂ ਕਰ ਸਕੀ।
ਇਸ ਮਾਮਲੇ ’ਚ ਸੀ.ਬੀ.ਆਈ. ਨੇ ਤਾਲਾ ਥਾਣੇ ਦੇ ਇੰਚਾਰਜ ਅਭਿਜੀਤ ਮੰਡਲ ਅਤੇ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨੂੰ ਵੀ ਗ੍ਰਿਫਤਾਰ ਕੀਤਾ ਹੈ। ਘੋਸ਼ ਕਥਿਤ ਭ੍ਰਿਸ਼ਟਾਚਾਰ ਨਾਲ ਜੁੜੇ ਸੀ.ਬੀ.ਆਈ. ਦੇ ਇਕ ਹੋਰ ਕੇਸ ਦਾ ਵੀ ਸਾਹਮਣਾ ਕਰ ਰਹੇ ਹਨ।
ਟ੍ਰੇਨੀ ਡਾਕਟਰ ਦੀ ਲਾਸ਼ ਉਸ ਦੇ ਇਕ ਸਾਥੀ ਨੇ 9 ਅਗਸਤ ਨੂੰ ਸਵੇਰੇ 9:30 ਵਜੇ ਵਾਰਡ ਵਿਚ ਚੱਕਰ ਲਗਾਉਣ ਤੋਂ ਪਹਿਲਾਂ ਉਸ ਦੀ ਭਾਲ ਦੌਰਾਨ ਦੇਖੀ ਸੀ। ਤਾਲਾ ਥਾਣੇ ਨੂੰ ‘ਇਕ ਔਰਤ ਬੇਹੋਸ਼ੀ ਦੀ ਹਾਲਤ ’ਚ ਪਈ ਹੈ’ ਬਾਰੇ ਸੂਚਿਤ ਕੀਤਾ ਗਿਆ ਅਤੇ ਇਸ ਦੀ ਟੀਮ ਸਵੇਰੇ 10:30 ਵਜੇ ਦੇ ਕਰੀਬ ਮੌਕੇ ’ਤੇ ਪਹੁੰਚੀ। ਸਿਖਾਂਦਰੂ ਡਾਕਟਰ ਦੇ ਕਤਲ ਤੋਂ ਬਾਅਦ ਦੇਸ਼ ਭਰ ਦੇ ਰੈਜ਼ੀਡੈਂਟ ਡਾਕਟਰਾਂ ਨੇ ਬਿਹਤਰ ਸੁਰੱਖਿਆ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ।