
ਮਹੀਨੇ ਤੋਂ ਫ਼ਰਾਰ ਸੀ ਮੁਲਜ਼ਮ
ਛੱਤਰਪੁਰ : ਮੱਧ ਪ੍ਰਦੇਸ਼ ਦੇ ਛਤਰਪੁਰ ’ਚ ਸੋਮਵਾਰ ਨੂੰ ਇਕ 17 ਸਾਲ ਦੀ ਕੁੜੀ ਨਾਲ ਜਬਰ ਜਨਾਹ ਦੇ ਮੁਲਜ਼ਮ ਨੇ ਸੋਮਵਾਰ ਨੂੰ ਉਸ ਦੇ ਘਰ ’ਚ ਕਥਿਤ ਤੌਰ ’ਤੇ ਗੋਲੀਬਾਰੀ ਕੀਤੀ, ਜਿਸ ਨਾਲ ਕੁੜੀ ਦੇ ਦਾਦਾ ਦੀ ਮੌਤ ਹੋ ਗਈ ਅਤੇ ਪੀੜਤਾ ਦਾ ਚਾਚਾ ਜ਼ਖ਼ਮੀ ਹੋ ਗਿਆ। ਪੁਲਿਸ ਸੁਪਰਡੈਂਟ ਅਗਮ ਜੈਨ ਨੇ ਦਸਿਆ ਕਿ ਇਹ ਘਟਨਾ ਸੋਮਵਾਰ ਸਵੇਰੇ ਮੋਹਰਾ ਪਿੰਡ ’ਚ ਵਾਪਰੀ। ਜੈਨ ਨੇ ਕਿਹਾ, ‘‘ਭੋਲਾ ਅਹੀਰਵਾਰ (24) ਨੇ ਗੋਲੀਆਂ ਚਲਾਈਆਂ, ਜਿਸ ’ਚ 60 ਸਾਲ ਵਿਅਕਤੀ ਦੀ ਮੌਤ ਹੋ ਗਈ। ਜਬਰ ਜਨਾਹ ਪੀੜਤਾ (17) ਅਤੇ ਉਸ ਦਾ ਚਾਚਾ (32) ਜ਼ਖਮੀ ਹੋ ਗਏ।’’
ਦੋਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਪਹਿਲੀ ਨਜ਼ਰ ’ਚ ਅਜਿਹਾ ਲਗਦਾ ਹੈ ਕਿ ਮੁਲਜ਼ਮ ਪਹਿਲਾਂ (ਜਬਰ ਜਨਾਹ) ਮਾਮਲੇ ’ਚ ਸਮਝੌਤਾ ਕਰਨਾ ਚਾਹੁੰਦਾ ਸੀ। ਉਹ ਦੋ ਮਹੀਨੇ ਤੋਂ ਫ਼ਰਾਰ ਸੀ। ਅਧਿਕਾਰੀ ਨੇ ਦਸਿਆ ਕਿ ਅਹੀਰਵਾਰ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੀੜਤਾ ਨੇ ਕਿਹਾ ਕਿ ਉਸ ਨੇ ਦੋ ਮਹੀਨੇ ਪਹਿਲਾਂ ਭੋਲਾ ਅਹੀਰਵਾਰ ਦੇ ਵਿਰੁਧ ਜਿਨਸੀ ਸੋਸ਼ਣ ਦਾ ਕੇਸ ਦਰਜ ਕਰਵਾਇਆ ਸੀ। ਉਸ ਨੇ ਕਿਹਾ, ‘‘ਅੱਜ ਸਵੇਰੇ, ਉਹ ਸਾਡੇ ਘਰ ’ਚ ਦਾਖਲ ਹੋਇਆ ਅਤੇ ਮੇਰੇ, ਮੇਰੇ ਦਾਦਾ (ਮ੍ਰਿਤਕ) ਅਤੇ ਚਾਚੇ ’ਤੇ ਗੋਲੀਆਂ ਚਲਾਈਆਂ।’’ ਸਿਵਲ ਲਾਈਨਜ਼ ਥਾਣੇ ਦੇ ਇੰਚਾਰਜ ਵਾਲਮੀਕਿ ਚੌਬੇ ਨੇ ਦਸਿਆ ਕਿ ਲੜਕੀ ਦੀ ਸ਼ਿਕਾਇਤ ’ਤੇ ਅਹੀਰਵਾਰ ਵਿਰੁਧ ਦੋ ਮਹੀਨੇ ਪਹਿਲਾਂ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਸੀ।