
ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਗਾਂਧੀਧਾਮ ਕਸਬੇ ਨੇੜੇ ਇਕ ਖਾੜੀ ਖੇਤਰ ਤੋਂ 12 ਕਿਲੋਗ੍ਰਾਮ ਕੋਕੀਨ ਦੇ 10 ਲਾਵਾਰਸ ਪੈਕੇਟ ਬਰਾਮਦ ਕੀਤੇ ਗਏ ਹਨ
Gujarat News : ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਗਾਂਧੀਧਾਮ ਕਸਬੇ ਨੇੜੇ ਇਕ ਖਾੜੀ ਖੇਤਰ ਤੋਂ 12 ਕਿਲੋਗ੍ਰਾਮ ਕੋਕੀਨ ਦੇ 10 ਲਾਵਾਰਸ ਪੈਕੇਟ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ 120 ਕਰੋੜ ਰੁਪਏ ਹੈ।
ਕੱਛ ਪੂਰਬੀ ਡਿਵੀਜ਼ਨ ਦੇ ਪੁਲਿਸ ਸੁਪਰਡੈਂਟ ਸਾਗਰ ਬਾਗਮਾਰ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲਗਦਾ ਹੈ ਕਿ ਤਸਕਰਾਂ ਨੇ ਫੜੇ ਜਾਣ ਤੋਂ ਬਚਣ ਲਈ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਨੂੰ ਖਾੜੀ ਦੇ ਨੇੜੇ ਲੁਕਾਇਆ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਕ ਸਾਲ ਵਿਚ ਇਸੇ ਖਾੜੀ ਖੇਤਰ ਤੋਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੀ ਇਹ ਤੀਜੀ ਵੱਡੀ ਘਟਨਾ ਹੈ।
ਬਾਗਮਾਰ ਨੇ ਕਿਹਾ, ‘‘ਵਿਸ਼ੇਸ਼ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਐਤਵਾਰ ਰਾਤ ਨੂੰ ਖਾੜੀ ਨੇੜੇ ਇਲਾਕੇ ਦੀ ਤਲਾਸ਼ੀ ਲਈ ਅਤੇ 120 ਕਰੋੜ ਰੁਪਏ ਦੀ ਕੀਮਤ ਦੀ ਕੋਕੀਨ ਨਾਲ ਭਰੇ 10 ਲਾਵਾਰਸ ਪੈਕੇਟ ਬਰਾਮਦ ਕੀਤੇ। ਤਸਕਰਾਂ ਨੇ ਸ਼ਾਇਦ ਫੜੇ ਜਾਣ ਤੋਂ ਬਚਣ ਲਈ ਇਸ ਨੂੰ ਉਥੇ ਲੁਕਾ ਦਿਤਾ ਸੀ।’’ ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ।
ਇਸ ਸਾਲ ਜੂਨ ’ਚ ਅਤਿਵਾਦ ਰੋਕੂ ਦਸਤੇ ਅਤੇ ਸਥਾਨਕ ਪੁਲਿਸ ਦੀ ਸਾਂਝੀ ਟੀਮ ਨੇ ਇਸੇ ਖੇਤਰ ਤੋਂ 130 ਕਰੋੜ ਰੁਪਏ ਦੀ ਕੀਮਤ ਦੇ ਕੋਕੀਨ ਦੇ 13 ਲਾਵਾਰਿਸ ਪੈਕੇਟ ਜ਼ਬਤ ਕੀਤੇ ਸਨ। ਪਿਛਲੇ ਸਾਲ ਸਤੰਬਰ ’ਚ ਕੱਛ-ਪੂਰਬੀ ਪੁਲਿਸ ਨੇ ਇਸੇ ਖਾੜੀ ਖੇਤਰ ਤੋਂ ਕੋਕੀਨ ਦੇ 80 ਪੈਕੇਟ ਜ਼ਬਤ ਕੀਤੇ ਸਨ, ਜਿਨ੍ਹਾਂ ’ਚੋਂ ਹਰ ਪੈਕੇਟ ਦਾ ਭਾਰ ਇਕ ਕਿਲੋਗ੍ਰਾਮ ਸੀ ਅਤੇ ਇਸ ਦੀ ਕੁਲ ਕੀਮਤ 800 ਕਰੋੜ ਰੁਪਏ ਸੀ।