
ਕਿਹਾ ‘ਅੱਖਾਂ ਕੱਢ ਦਿਆਂਗੇ, ਹੱਥ ਵੱਢ ਦਿਆਂਗੇ’
ਰੋਹਤਕ : ਹਰਿਆਣਾ ਤੋਂ ਭਾਜਪਾ ਦੇ ਸੰਸਦ ਮੈਂਬਰ ਅਰਵਿੰਦ ਸ਼ਰਮਾ ਨੇ ਕਾਂਗਰਸ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਉਹ ਪਾਰਟੀ ਦੇ ਸਹਿਯੋਗੀ ਮਨੀਸ਼ ਗਰੋਵਰ ਦਾ ਵਿਰੋਧ ਕਰਨ ਵਾਲਿਆਂ ਦੀਆਂ “ਅੱਖਾਂ ਕੱਢ ਦੇਣਗੇ ਅਤੇ ਹੱਥ ਵੱਢ” ਦੇਣਗੇ। ਭਾਜਪਾ ਸੰਸਦ ਮੈਂਬਰ ਵਲੋਂ ਜਨਤਕ ਪ੍ਰੋਗਰਾਮ ਵਿਚ ਦਿਤੀ ਗਈ ਇਸ ਧਮਕੀ ਦਾ ਉੱਥੇ ਮੌਜੂਦ ਲੋਕਾਂ ਨੇ ਤਾੜੀਆਂ ਨਾਲ ਸਵਾਗਤ ਕੀਤਾ। ਅਰਵਿੰਦ ਸ਼ਰਮਾ ਰੋਹਤਕ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ।
ਦਸਣਯੋਗ ਹੈ ਕਿ ਸ਼ੁਕਰਵਾਰ ਨੂੰ ਰੋਹਤਕ ਜ਼ਿਲ੍ਹੇ ’ਚ ਭਾਜਪਾ ਦੇ ਸੀਨੀਅਰ ਨੇਤਾ ਮਨੀਸ਼ ਗਰੋਵਰ ਨੂੰ ਗੁੱਸੇ ’ਚ ਆਏ ਕਿਸਾਨਾਂ ਨੇ ਕਿਲੋਈ ਪਿੰਡ ਦੇ ਮੰਦਰ ’ਚ ਘੇਰ ਲਿਆ ਅਤੇ ਕਈ ਘੰਟਿਆਂ ਤਕ ਬੰਦੀ ਬਣਾ ਕੇ ਰਖਿਆ। ਗਰੋਵਰ ਨੇ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲਿਆਂ ਨੂੰ “ਬੇਰੁਜ਼ਗਾਰ ਸ਼ਰਾਬੀ” ਅਤੇ “ਮਾੜੇ ਤੱਤ” ਕਿਹਾ ਸੀ। ਉਨ੍ਹਾਂ ਕਿਹਾ ਸੀ ਕਿ ਇਹ ਲੋਕ ਵਿਰੋਧ ਪ੍ਰਦਰਸ਼ਨ ਨੂੰ ਲੰਮਾ ਕਰਨ ਦਾ ਇਰਾਦਾ ਰੱਖਦੇ ਹਨ। ਗਰੋਵਰ ਦੇ ਬਿਆਨ ’ਤੇ ਕਿਸਾਨ ਗੁੱਸੇ ’ਚ ਆ ਗਏ ਅਤੇ ਉਨ੍ਹਾਂ ਨੂੰ ਬੰਧਕ ਬਣਾ ਲਿਆ।