
ਲੜਕੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ
ਇੰਦੌਰ- ਨਸ਼ੇ ’ਚ ਧੁੱਤ 4 ਲੜਕੀਆਂ ਵਲੋਂ 25 ਸਾਲਾ ਮਹਿਲਾ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀਆ ਵਲੋਂ ਸ਼ਰੇਆਮ ਬੈਲਟ ਅਤੇ ਲੱਤਾਂ ਨਾਲ ਬੁਰੀ ਤਰ੍ਹਾਂ ਕੁੱਟਣ ਦਾ ਇਹ ਵੀਡੀਓ ਸੋਸ਼ਲ ਮੀਡੀਆਂ ’ਤੇ ਵੀ ਸਾਹਮਣੇ ਆਇਆ। ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਲੜਕੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ।
ਪੁਲਿਸ ਸਟੇਸ਼ਨ ਦੇ ਇੰਚਾਰਜ ਨੇ ਦੱਸਿਆ ਕਿ ਕੀਟਨਾਸ਼ਕ ਦੀ ਦੁਕਾਨ ’ਤੇ ਕੰਮ ਕਰਨ ਵਾਲੀ ਪ੍ਰਿਆ ਵਰਮਾ (25) ਨਾਲ ਕੁੱਟਮਾਰ ਦੀ ਘਟਨਾ 4 ਨਵੰਬਰ ਨੂੰ ਰਾਤ ਦੇ 1 ਵਜੇ ਐਲਆਈਜੀ ਚੌਰਾਹੇ ’ਤੇ ਨਾਸ਼ਤੇ ਦੀ ਦੁਕਾਨ ਦੇ ਸਾਹਮਣੇ ਵਾਪਰੀ।
ਮਹੱਤਵਪੂਰਨ ਗੱਲ ਇਹ ਹੈ ਕਿ ਘਟਨਾ ਵਾਲੀ ਥਾਂ ਸ਼ਹਿਰ ਦੇ ਵਿਅਸਤ ਖੇਤਰਾਂ ਵਿੱਚ ਸ਼ਾਮਲ ਹੈ ਜਿੱਥੇ ਵਪਾਰਕ ਅਦਾਰੇ ਸਥਾਨਕ ਪ੍ਰਸ਼ਾਸਨ ਦੀ ਪ੍ਰਵਾਨਗੀ ਨਾਲ 24 ਘੰਟੇ ਖੁੱਲ੍ਹੇ ਰਹਿੰਦੇ ਹਨ।
ਪੁਲਿਸ ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਅਚਾਨਕ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਣ 'ਤੇ 18 ਤੋਂ 22 ਸਾਲ ਦੀਆਂ ਲੜਕੀਆਂ ਦੇ ਇਕ ਸਮੂਹ ਨੇ ਪ੍ਰਿਆ ਦੀ ਕੁੱਟਮਾਰ ਕੀਤੀ ਅਤੇ ਸੜਕ 'ਤੇ ਗਾਲੀ-ਗਲੋਚ ਕਰ ਕੇ ਉਸ ਦਾ ਮੁਬਾਈਲ ਫੋਨ ਤੋੜ ਦਿੱਤਾ।
ਉਨ੍ਹਾਂ ਕਿਹਾ ਕਿ ਮੁਲਜ਼ਮ ਲੜਕੀਆਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 294, 323 (ਕੁੱਟਮਾਰ), 506 (ਧਮਕਾਉਣਾ) ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਅਜੇ ਤੱਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਧਿਆਨ ਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਘਟਨਾ ਦੀ ਵੀਡੀਓ 'ਚ ਚਾਰ ਲੜਕੀਆਂ ਪੀੜਤ ਔਰਤਾਂ ਨੂੰ ਫੜ ਕੇ ਉਸ ਨਾਲ ਕੁੱਟਮਾਰ ਕਰਦੀਆਂ ਨਜ਼ਰ ਆ ਰਹੀਆਂ ਹਨ। ਥਾਣਾ ਇੰਚਾਰਜ ਨੇ ਦੱਸਿਆ ਕਿ ਔਰਤਾਂ ਨੇ ਐਫਆਈਆਰ ਵਿੱਚ ਸਿਰਫ਼ ਤਿੰਨ ਲੜਕੀਆਂ ਦੇ ਨਾਂ ਲਿਖੇ ਹਨ ਅਤੇ ਪੁਲਿਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।