
ਮਹਿਮੂਦ ਨੂੰ ਕੱਲ੍ਹ ਕਾਬੁਲ ਹਵਾਈ ਅੱਡੇ ਤੋਂ ਤਾਲਿਬਾਨ ਖੁਫ਼ੀਆ ਏਜੰਸੀ ਨੇ ਹਿਰਾਸਤ ਵਿਚ ਲਿਆ ਸੀ
ਕਾਬੁਲ - ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਦੇ ਭਰਾ ਮਹਿਮੂਦ ਕਰਜ਼ਈ ਨੂੰ ਤਾਲਿਬਾਨ ਨੇ ਕਾਬੁਲ ਹਵਾਈ ਅੱਡੇ ਤੋਂ ਹਿਰਾਸਤ ਵਿਚ ਲੈ ਲਿਆ। ਤਾਲਿਬਾਨ ਦੇ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਸਾਬਕਾ ਸ਼ਹਿਰੀ ਵਿਕਾਸ ਅਤੇ ਭੂਮੀ ਮੰਤਰੀ ਮਹਿਮੂਦ ਕਰਜ਼ਈ 'ਤੇ ਕਾਨੂੰਨੀ ਮੁੱਦਿਆਂ ਕਾਰਨ ਵਿਦੇਸ਼ ਯਾਤਰਾ 'ਤੇ ਪਾਬੰਦੀ ਲਗਾਈ ਗਈ ਹੈ। ਖਾਮਾ ਪ੍ਰੈੱਸ ਨੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਆਪਣੀ ਰਿਪੋਰਟ 'ਚ ਕਿਹਾ ਕਿ ਮਸ਼ਹੂਰ ਅਫ਼ਗਾਨ ਕਾਰੋਬਾਰੀ ਮਹਿਮੂਦ ਨੂੰ ਐਤਵਾਰ ਨੂੰ ਕਾਬੁਲ ਹਵਾਈ ਅੱਡੇ 'ਤੇ ਹਿਰਾਸਤ 'ਚ ਲਿਆ ਗਿਆ।
ਰਿਪੋਰਟ ਵਿਚ ਤਾਲਿਬਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਦੇ ਇੱਕ ਨਜ਼ਦੀਕੀ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਕਿ ਮਹਿਮੂਦ ਨੂੰ ਕੱਲ੍ਹ ਕਾਬੁਲ ਹਵਾਈ ਅੱਡੇ ਤੋਂ ਤਾਲਿਬਾਨ ਖੁਫ਼ੀਆ ਏਜੰਸੀ ਨੇ ਹਿਰਾਸਤ ਵਿਚ ਲਿਆ ਸੀ ਜਦੋਂ ਉਹ ਦੁਬਈ ਜਾ ਰਹੀ ਏਰੀਆਨਾ ਏਅਰਲਾਈਨਜ਼ ਦੀ ਉਡਾਣ ਵਿਚ ਸਵਾਰ ਸੀ। ਇਸਲਾਮਿਕ ਅਮੀਰਾਤ ਦੇ ਬੁਲਾਰੇ ਬਿਲਾਲ ਕਰੀਮੀ ਨੇ ਪੁਸ਼ਟੀ ਕੀਤੀ ਕਿ ਮਹਿਮੂਦ ਨੂੰ ਕਾਨੂੰਨੀ ਮੁੱਦੇ ਕਾਰਨ ਅਫ਼ਗਾਨਿਸਤਾਨ ਛੱਡਣ ਤੋਂ ਰੋਕਿਆ ਗਿਆ ਸੀ, ਪਰ ਮਹਿਮੂਦ ਕਰਜ਼ਈ ਦੀ ਗ੍ਰਿਫ਼ਤਾਰੀ ਤੋਂ ਇਨਕਾਰ ਕੀਤਾ।
ਸੂਤਰਾਂ ਦਾ ਮੰਨਣਾ ਹੈ ਕਿ ਮਹਿਮੂਦ ਕਰਜ਼ਈ ਦੀ ਨਜ਼ਰਬੰਦੀ ਦਾ ਕਾਰਨ ਉਸ ਦੇ ਭਰਾ ਹਾਮਿਦ ਕਰਜ਼ਈ ਦੀਆਂ ਸਿਆਸੀ ਟਿੱਪਣੀਆਂ ਹੋ ਸਕਦੀਆਂ ਹਨ।
ਸਾਬਕਾ ਰਾਸ਼ਟਰਪਤੀ ਕਰਜ਼ਈ ਅਤੇ ਅਬਦੁੱਲਾ ਦੋ ਉੱਚ ਪੱਧਰੀ ਸਿਆਸਤਦਾਨ ਹਨ ਜੋ ਤਾਲਿਬਾਨ ਦੇ ਅਫ਼ਗਾਨਿਸਤਾਨ 'ਤੇ ਕਬਜ਼ਾ ਕਰਨ ਤੋਂ ਬਾਅਦ ਵੀ ਅਫ਼ਗਾਨਿਸਤਾਨ ਵਿਚ ਹੀ ਬਣੇ ਰਹੇ। ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਸਮੇਂ-ਸਮੇਂ 'ਤੇ ਔਰਤਾਂ ਦੇ ਅਧਿਕਾਰਾਂ 'ਤੇ ਰੋਕ ਲਗਾਉਣ ਲਈ ਤਾਲਿਬਾਨ ਸਰਕਾਰ ਦੀ ਆਲੋਚਨਾ ਕੀਤੀ ਹੈ ਅਤੇ ਤਾਲਿਬਾਨ ਨੂੰ "ਸਮੂਹਿਕ" ਸਰਕਾਰ ਬਣਾਉਣ ਲਈ ਕਿਹਾ ਹੈ।
ਜ਼ਿਕਰਯੋਗ ਹੈ ਕਿ ਮਹਿਮੂਦ ਕਰਜ਼ਈ ਦੱਖਣੀ ਕੰਧਾਰ ਸੂਬੇ ਦੇ ਆਧੁਨਿਕ ਵਪਾਰਕ ਸ਼ਹਿਰ ਆਇਨੋ ਮੀਨਾ ਵਿਚ ਇੱਕ ਪ੍ਰਮੁੱਖ ਸ਼ੇਅਰਧਾਰਕ ਹੈ। ਰਿਪੋਰਟ ਮੁਤਾਬਕ ਸਾਬਕਾ ਰਾਸ਼ਟਰਪਤੀ ਮੁਹੰਮਦ ਅਸ਼ਰਫ ਗਨੀ ਨੇ ਆਪਣੇ ਭਰਾ ਹਾਮਿਦ ਕਰਜ਼ਈ ਦੀ ਪ੍ਰਧਾਨਗੀ ਦੌਰਾਨ ਆਈਨੋ ਮੀਨਾ ਸ਼ਹਿਰ ਬਣਾਉਣ ਲਈ ਸਰਕਾਰੀ ਜ਼ਮੀਨ ਹਥਿਆਉਣ ਦਾ ਦੋਸ਼ ਲਾਇਆ ਸੀ।