ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਦਿੱਲੀ ਪਹੁੰਚ ਗਏ ਹਨ
ਨਵੀਂ ਦਿੱਲੀ - ਦਿੱਲੀ ਨਗਰ ਨਿਗਮ ਚੋਣਾਂ ਵਿਚ 250 ਵਾਰਡਾਂ ਵਿਚ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਅਤੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ। ਆਮ ਆਦਮੀ ਪਾਰਟੀ ਨੂੰ 134 ਤੋਂ 146 ਸੀਟਾਂ ਮਿਲਣ ਦੀ ਗੱਲ ਕਹੀ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਦਿੱਲੀ ਪਹੁੰਚ ਗਏ ਹਨ ਅਤੇ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ 15 ਸਾਲਾਂ ਦੇ ਕਾਂਗਰਸ ਰਾਜ ਨੂੰ ਉਖਾੜ ਸੁੱਟਿਆ ਸੀ ਅਤੇ ਹੁਣ ਐਮਸੀਡੀ ਚੋਣਾਂ ਵਿਚ ਵੀ 15 ਸਾਲਾਂ ਦਾ ਭਾਜਪਾ ਦਾ ਰਾਜ ਉਖਾੜ ਦਿੱਤਾ ਹੈ।
ਇਸ ਤੋਂ ਪਤਾ ਲੱਗਦਾ ਹੈ ਕਿ ਦਿੱਲੀ ਦੇ ਲੋਕ ਨਫ਼ਰਤ ਦੀ ਰਾਜਨੀਤੀ ਨੂੰ ਪਸੰਦ ਨਹੀਂ ਕਰਦੇ, ਉਹ ਸਕੂਲਾਂ, ਹਸਪਤਾਲਾਂ, ਬਿਜਲੀ, ਸਫ਼ਾਈ ਅਤੇ ਬੁਨਿਆਦੀ ਢਾਂਚੇ ਲਈ ਵੋਟ ਕਰਦੇ ਹਨ। ਐਮਸੀਡੀ ਚੋਣਾਂ ਦੇ ਨਤੀਜੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਆਉਣ ਨਾਲ ‘ਆਪ’ ਦੇ ਦਫ਼ਤਰਾਂ ਵਿਚ ਜਸ਼ਨ ਮਨਾਉਣੇ ਸ਼ੁਰੂ ਹੋ ਗਏ ਹਨ। ਰੁਝਾਨਾਂ ਵਿਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਿਆ ਹੈ।
ਹਾਲਾਂਕਿ ਭਾਜਪਾ ਅਜੇ ਵੀ ਸਖ਼ਤ ਟੱਕਰ ਦਿੰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਕਾਂਗਰਸ ਵੀ 10 ਸੀਟਾਂ 'ਤੇ ਅੱਗੇ ਹੈ। ਹਾਲਾਂਕਿ ਹੁਣ ਤੱਕ ਕਾਂਗਰਸ ਸਿਰਫ਼ 4-5 ਸੀਟਾਂ 'ਤੇ ਹੀ ਅੱਗੇ ਸੀ। MCD ਦੀਆਂ 250 ਸੀਟਾਂ 'ਤੇ 4 ਦਸੰਬਰ ਨੂੰ ਵੋਟਿੰਗ ਹੋਈ ਸੀ। ਇਨ੍ਹਾਂ ਚੋਣਾਂ ਵਿਚ 250 ਵਾਰਡਾਂ ਵਿਚ ਕੁੱਲ 1349 ਉਮੀਦਵਾਰ ਚੋਣ ਮੈਦਾਨ ਵਿਚ ਸਨ। ਦਿੱਲੀ MCD 'ਤੇ ਪਿਛਲੇ 15 ਸਾਲਾਂ ਤੋਂ ਭਾਜਪਾ ਦਾ ਕਬਜ਼ਾ ਹੈ ਪਰ ਇਸ ਵਾਰ ਇਤਿਹਾਸ ਰਚ ਹੋ ਰਿਹਾ ਹੈ ਕਿਉਂਕਿ ਇੱਥੇ 15 ਸਾਲਾਂ ਬਾਅਦ ਆਮ ਆਦਮੀ ਪਾਰਟੀ ਭਾਜਪਾ ਨੂੰ ਪਿੱਛੇ ਛੱਡ ਕੇ ਜਿੱਤ ਹਾਸਲ ਕਰ ਰਹੀ ਹੈ।