
ਮਾਪਿਆਂ ਦਾ ਰੋ-ਰੋ ਬੁਰਾ ਹਾਲ
ਬੈਤੂਲ : ਮੱਧ ਪ੍ਰਦੇਸ਼ ਦੇ ਬੈਤੂਲ ਦੇ ਮਾਂਡਵੀ ਪਿੰਡ 'ਚ 6 ਸਾਲ ਦਾ ਬੱਚਾ ਬੋਰਵੈੱਲ 'ਚ ਡਿੱਗ ਗਿਆ। ਬੱਚਾ 35 ਫੁੱਟ ਦੀ ਡੂੰਘਾਈ 'ਤੇ ਬੋਰ 'ਚ ਫਸਿਆ ਹੋਇਆ ਹੈ। ਉਸ 'ਤੇ ਪਾਣੀ ਦੀਆਂ ਬੂੰਦਾਂ ਪੈ ਰਹੀਆਂ ਹਨ। ਬੱਚੇ ਨੂੰ ਕੱਢਣ ਲਈ ਬਚਾਅ ਕਾਰਜ ਜਾਰੀ ਹੈ। ਤਿੰਨ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਬੋਰਵੈੱਲ ਤੋਂ 30 ਫੁੱਟ ਦੂਰ ਇਕ ਸਮਾਨਾਂਤਰ ਟੋਆ ਪੁੱਟਿਆ ਜਾ ਰਿਹਾ ਹੈ। ਕਰੀਬ 15 ਫੁੱਟ ਹੋਰ ਡੂੰਘਾ ਪੁੱਟਣਾ ਪਵੇਗਾ। ਪੱਥਰ ਹੋਣ ਕਾਰਨ ਪੁੱਟਣ ਦਾ ਕੰਮ ਬਹੁਤ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਹੈ। ਕੈਮਰੇ ਵਿੱਚ ਬੱਚੇ ਦੀ ਹਰਕਤ ਘੱਟ ਦਿਖਾਈ ਦਿੰਦੀ ਹੈ। NDRF ਦੀ ਟੀਮ ਵੀ ਮੌਕੇ 'ਤੇ ਮੌਜੂਦ ਹੈ।
ਕੁਲੈਕਟਰ ਅਮਨਬੀਰ ਬੈਂਸ ਨੇ ਦੱਸਿਆ ਕਿ ਬੱਚੇ ਨੂੰ ਹੱਥ ਵਿੱਚ ਰੱਸੀ ਬੰਨ੍ਹ ਕੇ ਉੱਪਰ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਉਹ ਕਰੀਬ 12 ਫੁੱਟ ਉੱਪਰ ਆ ਗਿਆ ਸੀ ਪਰ ਇਸ ਦੌਰਾਨ ਰੱਸੀ ਖੁੱਲ੍ਹ ਗਈ ਅਤੇ ਉਹ ਉੱਥੇ ਹੀ ਫਸ ਗਿਆ। ਰਾਤ 12 ਵਜੇ ਤੋਂ ਸਾਈਡ ’ਤੇ ਨਵਾਂ ਟੋਆ ਪੁੱਟਣ ਦਾ ਕੰਮ ਸ਼ੁਰੂ ਕਰਵਾ ਕੇ ਬੱਚੇ ਨੂੰ ਕੱਢਣ ਦਾ ਯਤਨ ਕੀਤਾ ਜਾ ਰਿਹਾ ਹੈ।
ਇਹ ਹਾਦਸਾ ਮੰਗਲਵਾਰ ਸ਼ਾਮ ਕਰੀਬ 5 ਵਜੇ ਬੈਤੁਲ ਜ਼ਿਲ੍ਹੇ ਦੇ ਅਥਨੇਰ ਦੇ ਮਾਂਡਵੀ ਪਿੰਡ 'ਚ ਵਾਪਰਿਆ। ਮੁੱਢਲੀ ਜਾਣਕਾਰੀ ਅਨੁਸਾਰ ਤਨਮਯ ਮੈਦਾਨ ਵਿੱਚ ਖੇਡ ਰਿਹਾ ਸੀ। ਸ਼ਾਇਦ ਇਸੇ ਦੌਰਾਨ ਉਸ ਨੇ ਬੋਰਵੈੱਲ ਵਿੱਚ ਝਾਕਣ ਦੀ ਕੋਸ਼ਿਸ਼ ਕੀਤੀ ਅਤੇ ਆਪਣਾ ਸੰਤੁਲਨ ਗੁਆ ਬੈਠਾ ਉਸ ਵਿੱਚ ਡਿੱਗ ਗਿਆ। ਜਦੋਂ ਬੱਚਾ ਨਜ਼ਰ ਨਹੀਂ ਆਇਆ ਤਾਂ ਸਾਰੇ ਬੋਰਵੈੱਲ ਵੱਲ ਭੱਜੇ। ਆਵਾਜ਼ ਮਾਰਨ 'ਤੇ ਬੋਰਵੈੱਲ ਦੇ ਅੰਦਰੋਂ ਬੱਚੇ ਦੀ ਆਵਾਜ਼ ਆਈ। ਇਸ 'ਤੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਬੈਤੂਲ ਅਤੇ ਅਥਨੇਰ ਪੁਲਿਸ ਨੂੰ ਸੂਚਨਾ ਦਿੱਤੀ।
ਬਚਾਅ ਕਾਰਜ ਸ਼ੁਰੂ ਹੋਣ ਤੋਂ ਬਾਅਦ, ਪਹਿਲਾਂ ਬੱਚੇ ਲਈ ਬੋਰਵੈੱਲ ਵਿੱਚ ਇੱਕ ਆਕਸੀਜਨ ਪਾਈਪ ਪਾਈ ਗਈ, ਫਿਰ ਇੱਕ ਸੀਸੀਟੀਵੀ ਕੈਮਰਾ ਲਗਾਇਆ ਗਿਆ। SDERF ਟੀਮਾਂ ਮੌਕੇ 'ਤੇ ਮੌਜੂਦ ਹਨ। ਬੱਚੇ ਨੂੰ ਕੱਢਣ ਲਈ ਬੋਰਵੈੱਲ ਤੋਂ ਕਰੀਬ 30 ਫੁੱਟ ਦੂਰ ਬੁਲਡੋਜ਼ਰ ਨਾਲ ਸਮਾਨਾਂਤਰ ਖੁਦਾਈ ਸ਼ੁਰੂ ਕਰ ਦਿੱਤੀ ਗਈ ਹੈ। ਪਿਤਾ ਨੇ ਬੱਚੇ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ- ਇੱਥੇ ਬਹੁਤ ਹਨੇਰਾ ਹੈ। ਮੈਂ ਡਰਿਆ ਹੋਇਆ ਹਾਂ। ਮੈਨੂੰ ਬਾਹਰ ਕੱਢੋ।