
ਦਸਣਯੋਗ ਹੈ ਕਿ ਮਿਚੌਂਗ ਨੇ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਤਬਾਹੀ ਮਚਾਈ ਹੈ
ਚੇਨਈ : ਰਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਹੜ੍ਹ ਪ੍ਰਭਾਵਤ ਉੱਤਰੀ ਤਾਮਿਲਨਾਡੂ ਦਾ ਹਵਾਈ ਦੌਰਾ ਕੀਤਾ ਅਤੇ ਚੱਕਰਵਾਤ ਮਿਚੌਂਗ ਤੂਫ਼ਾਨ ਕਾਰਨ ਹੋਏ ਨੁਕਸਾਨ ’ਤੇ ਮੁੱਖ ਮੰਤਰੀ ਐਮ. ਕੇ. ਸਟਾਲਿਨ ਨਾਲ ਗੱਲਬਾਤ ਕੀਤੀ। ਮੋਹਲੇਧਾਰ ਮੀਂਹ ਅਤੇ ਹੜ੍ਹ ਪ੍ਰਭਾਵਤ ਚੇਨਈ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਦਾ ਹਵਾਈ ਦੌਰਾ ਕਰਨ ਮਗਰੋਂ ਰਾਜਨਾਥ ਨੇ ਇਥੇ ਸਕੱਤਰੇਤ ’ਚ ਸਟਾਲਿਨ ਨਾਲ ਮੁਲਾਕਾਤ ਕੀਤੀ।
ਇਸ ਦੌਰਾਨ ਰਾਜਨਾਥ ਨੇ ਚੱਕਰਵਾਤ ਤੋਂ ਹੋਏ ਨੁਕਸਾਨ ਅਤੇ ਕੇਂਦਰ ਤੋਂ ਉਮੀਦ ਮੁਤਾਬਕ ਜ਼ਰੂਰੀ ਰਾਹਤ ਬਾਰੇ ਜਾਣਕਾਰੀ ਦਿਤੀ ਗਈ। ਕੇਂਦਰੀ ਰਾਜ ਮੰਤਰੀ ਐੱਲ. ਮੁਰੂਗਨ ਵੀ ਰਖਿਆ ਮੰਤਰੀ ਨਾਲ ਮੌਜੂਦ ਸਨ। ਉੱਤਰੀ ਤਾਮਿਲਨਾਡੂ ਵਿਚ ਚੇਨਈ, ਕਾਂਚੀਪੁਰਮ, ਚੇਂਗਲਪੇਟ ਅਤੇ ਤਿਰੁਲਵਲੂਰ ਚੱਕਰਵਾਤ ਅਤੇ ਹੜ੍ਹ ਨਾਲ ਪ੍ਰਭਾਵਤ ਹੋਏ ਹਨ। ਸੂਬਾ ਸਰਕਾਰ ਪਹਿਲਾਂ ਹੀ ਕੇਂਦਰ ਸਰਕਾਰ ਤੋਂ 5060 ਕਰੋੜ ਰੁਪਏ ਦੀ ਅੰਤਰਿਮ ਰਾਹਤ ਪੈਕਜ ਦੀ ਮੰਗ ਕਰ ਚੁੱਕੀ ਹੈ।
ਦਸਣਯੋਗ ਹੈ ਕਿ ਮਿਚੌਂਗ ਨੇ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਤਬਾਹੀ ਮਚਾਈ ਹੈ। ਸੜਕਾਂ ਨੁਕਸਾਨੀਆਂ ਗਈਆਂ ਹਨ। ਨਦੀਆਂ-ਨਹਿਰਾਂ ਦੇ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ। ਸੂਬੇ ’ਚ ਹਜ਼ਾਰਾਂ ਏਕੜ ਫ਼ਸਲਾਂ ਡੁੱਬ ਗਈਆਂ ਹਨ। ਤਾਮਿਲਨਾਡੂ ਦੇ ਚੇਨਈ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਸੋਮਵਾਰ ਨੂੰ ਆਏ ਮਿਚੌਂਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 17 ਹੋ ਗਈ ਹੈ।
ਇਸਦੇ ਨਾਲ ਹੀ ਮੰਗਲਵਾਰ ਨੂੰ ਚੇਨਈ ਅਤੇ ਉਸਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਪਾਣੀ ਭਰ ਗਿਆ ਹੈ ਜਿਥੇ ਫਸੇ ਹੋਏ ਲੋਕਾਂ ਨੂੰ ਬਚਾਉਣ ਲਈ ਕਿਸ਼ਤੀਆਂ ਅਤੇ ਟ੍ਰੈਕਟਰਾਂ ਦਾ ਇਸਤੇਮਾਲ ਕੀਤਾ ਗਿਆ। ਚੇਨਈ ਵਿਚ 7 ਦਸੰਬਰ ਨੂੰ ਸਕੂਲਾਂ ਅਤੇ ਕਾਲਜਾਂ ਵਿਚ ਇਕ ਹੋਰ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।