
ਪੰਜਾਬੀ ਸੂਬਾ ਮੋਰਚਾ ਦੇ ਹੱਕ ਵਿਚ ਡਟਣ ਵਾਲੇ ਸ਼੍ਰੋਮਣੀ ਅਕਾਲੀ ਦਲ ਮਾਸਟਰ ਤਾਰਾ ਸਿੰਘ ਦੇ ਪ੍ਰਧਾਨ 95 ਸਾਲਾ ਜੱਥੇ: ਰਛਪਾਲ ਸਿੰਘ ਨਹੀਂ ਰਹੇ.......
ਨਵੀਂ ਦਿੱਲੀ : ਪੰਜਾਬੀ ਸੂਬਾ ਮੋਰਚਾ ਦੇ ਹੱਕ ਵਿਚ ਡਟਣ ਵਾਲੇ ਸ਼੍ਰੋਮਣੀ ਅਕਾਲੀ ਦਲ ਮਾਸਟਰ ਤਾਰਾ ਸਿੰਘ ਦੇ ਪ੍ਰਧਾਨ 95 ਸਾਲਾ ਜੱਥੇ: ਰਛਪਾਲ ਸਿੰਘ ਨਹੀਂ ਰਹੇ। ਅੱਜ ਇਥੋਂ ਦੇ ਨਿਗਮ ਬੋਧ ਘਾਟ ਵਿਖੇ ਉਨ੍ਹਾਂ ਦਾ ਸਸਕਾਰ ਕਰ ਦਿਤਾ ਗਿਆ। ਬਜ਼ੁਰਗੀ ਦੀਆਂ ਔਕੜਾਂ ਕਾਰਨ ਉਹ ਪਿਛਲੇ ਕੁੱਝ ਦਿਨਾਂ ਤੋਂ ਇਥੋਂ ਦੇ ਇਕ ਹਸਪਤਾਲ ਵਿਖੇ ਜ਼ੇਰੇ ਇਲਾਜ ਸਨ। ਪਿਛੋਂ ਉਨ੍ਹਾਂ ਨੂੰ ਘਰ ਲੈ ਆਂਦਾ ਗਿਆ ਤੇ ਬੀਤੇ ਦਿਨ ਉਨ੍ਹਾਂ ਅਪਣੇ ਗ੍ਰਹਿ ਵਿਖੇ ਆਖਰੀ ਸਾਹ ਲਏ।
ਅੱਜ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ. ਕੇ., ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ, ਜੂਨੀਅਰ ਮੀਤ ਪ੍ਰਧਾਨ ਸ. ਹਰਮਨਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਸਣੇ ਸ. ਕੁਲਮੋਹਨ ਸਿੰਘ, ਸ. ਅਵਤਾਰ ਸਿੰਘ ਹਿਤ, ਕੌਮੀ ਘੱਟ-ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਸ. ਹਰਚਰਨ ਸਿੰਘ ਜੋਸ਼, ਘੱਟ-ਗਿਣਤੀ ਵਿਦਿÀਕ ਅਦਾਰਿਆਂ ਬਾਰੇ ਕੌਮੀ ਕਮਿਸ਼ਨ ਦੇ ਮੈਂਬਰ ਡਾ.ਜਸਪਾਲ ਸਿੰਘ, ਸ.ਕੁਲਦੀਪ ਸਿੰਘ ਭੋਗਲ ਤੋਂ ਇਲਾਵਾ ਹੋਰਨਾਂ ਸਿਆਸੀ, ਧਾਰਮਕ, ਸਮਾਜਕ ਹਸਤੀਆਂ ਨੇ ਪੁੱਜ ਕੇ, ਜੱਥੇ: ਰਛਪਾਲ ਸਿੰਘ ਨੂੰ ਅਖ਼ੀਰਲੀ ਵਿਦਾਇਗੀ ਦਿਤੀ।
ਮਾਸਟਰ ਤਾਰਾ ਸਿੰਘ ਤੋਂ ਲੈ ਕੇ ਮਰਹੂਮ ਸ.ਗੁਰਚਰਨ ਸਿੰਘ ਟੌਹੜਾ ਸਣੇ ਹੋਰਨਾਂ ਸਿਰਕੱਢ ਆਗੂਆਂ ਨਾਲ ਜੱਥੇ: ਰਛਪਾਲ ਸਿੰਘ ਦੇ ਸਬੰਧ ਰਹੇ। ਜ਼ਿਕਰਯੋਗ ਹੈ ਕਿ ਪੰਜਾਬੀ ਸੂਬੇ ਮੋਰਚੇ ਦੇ ਹੱਕ ਵਿਚ ਇਤਿਹਾਸਕ ਕਾਰਜ ਕਰਨ ਬਦਲੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਇਥੋਂ ਦੇ ਕਾਂਸਟੀਚਿਊਸ਼ਨ ਕਲੱਬ ਵਿਖੇ ਪਿਛਲੇ ਸਾਲ 6 ਅਪ੍ਰੈਲ 2018 ਨੂੰ ਜੱਥੇ: ਰਛਪਾਲ ਸਿੰਘ ਦੇ 95 ਜਨਮ ਦਿਨ ਮੌਕੇ ਉਨਾਂ੍ਹ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕਰਦਿਆਂ ਇਕ ਡਾਕੂਮੈਂਟਰੀ ਰਾਹੀਂ ਉਨ੍ਹਾਂ ਦੇ ਪੰਥਕ ਸੰਘਰਸ਼ ਨੂੰ ਵੀ ਵਿਖਾਇਆ ਗਿਆ ਸੀ। ਮਰਹੂਮ ਦੇ ਪੁੱਤਰ ਸ.ਜਸਵਿੰਦਰ ਸਿੰਘ ਹੰਨੀ ਨੇ ਦਸਿਆ ਕਿ ਉਨਾਂ੍ਹ ਨਮਿਤ ਅੰਤਮ ਅਰਦਾਸ 14 ਜਨਵਰੀ ਨੂੰ ਹੋਵੇਗੀ।