
ਦਿੱਲੀ ਵਿਚ 8 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਲਈ ਪੈਣਗੀਆਂ ਵੋਟਾਂ
ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿਚ 8 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਹਰ ਪਾਰਟੀ ਨੇ ਕਮਰ ਕਸ ਲਈ ਹੈ ਅਤੇ ਹੁਣ ਖਬਰਾਂ ਇਹ ਆ ਰਹੀਆਂ ਹਨ ਕਿ ਸੀਐਮ ਕੇਜਰੀਵਾਲ ਨਵੀਂ ਦਿੱਲੀ ਵਿਧਾਨ ਸਭਾ ਖੇਤਰ ਤੋਂ ਚੋਣ ਮੈਦਾਨ ਵਿਚ ਉਤਰਨਗੇ।
File Photo
ਦਰਅਸਲ 2015 ਦੌਰਾਨ ਹੋਈਆ ਵਿਧਾਨ ਸਭਾ ਚੋਣਾਂ ਵਿਚ ਅਰਵਿੰਦ ਕੇਜਰੀਵਾਲ ਨੇ ਨਵੀਂ ਦਿੱਲੀ ਵਿਧਾਨ ਸਭਾ ਖੇਤਰ ਤੋਂ ਹੀ ਚੋਂਣ ਲੜੀ ਸੀ ਅਤੇ ਜਿੱਤ ਪ੍ਰਾਪਤ ਕੀਤੀ ਸੀ। ਇਸ ਲਈ ਇਸ ਵਾਰ ਵੀ ਇਹ ਮੰਨਿਆ ਜਾ ਰਿਹਾ ਹੈ ਕਿ ਕੇਜਰੀਵਾਲ ਇਸੇ ਹਲਕੇ ਤੋਂ ਦੁਬਾਰਾ ਚੋਣ ਲੜਨਗੇ। ਦੂਜੇ ਪਾਸੇ ਇਸ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਕਾਂਗਰਸ ਦੇ ਨੇਤਾ ਅਸ਼ੋਕ ਕੁਮਾਰ ਅਗਰਵਾਲ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਲੰਬੇ ਸਮੇਂ ਤੋਂ ਕਿਆਸ ਲਗਾਏ ਜਾ ਰਹੇ ਸਨ ਕਿ ਉਹ ਜਲਦ ਹੀ ਕਾਂਗਰਸ ਛੱਡੇ ਕੇ ਆਪ ਦਾ ਪੱਲਾ ਫੜ ਸਕਦੇ ਹਨ।
File Photo
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜਨੀਤੀ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਸਿਆਸੀ ਬਿਆਨਬਾਜ਼ੀ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ। ਇਕ ਪਾਸੇ ਜਿੱਥੇ ਅਰਵਿੰਦ ਕੇਜਰੀਵਾਲ ਆਪਣੇ 5 ਸਾਲਾਂ ਵਿਚ ਕੀਤੇ ਕੰਮਾਂ ਨੂੰ ਲੈ ਕੇ ਜਨਤਾ ਵਿਚ ਜਾ ਰਹੇ ਹਨ ਉੱਥੇ ਹੀ ਭਾਜਪਾ ਆਪ 'ਤੇ ਵਾਅਦਾ ਖਿਲਾਫੀ ਦਾ ਆਰੋਪ ਲਗਾ ਰਹੀ ਹੈ।
Photo
ਕਾਬਲੇਗੌਰ ਹੈ ਕਿ ਸੋਮਵਾਰ ਨੂੰ ਭਾਰਤੀ ਚੋਣ ਕਮਿਸ਼ਨ ਨੇ ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਵਿਚ 8 ਫਰਵਰੀ ਨੂੰ ਵੋਟਾਂ ਪੈਣਗੀਆਂ ਜਦਕਿ 11 ਫਰਵਰੀ ਨੂੰ ਨਤੀਜੇ ਆਉਣਗੇ। ਉਮੀਦਵਾਰਾਂ ਦੀ ਨਾਮਜ਼ਦਗੀ ਦੀ ਪ੍ਰਕਿਰਿਆ 14 ਜਨਵਰੀ ਤੋਂ ਸ਼ੁਰੂ ਹੋਵੇਗੀ ਜੋ ਕਿ 21 ਜਨਵਰੀ ਤੱਕ ਚੱਲੇਗੀ।