
Assam coal mine mishap: ਐਨਡੀਆਰਐਫ਼ ਅਤੇ ਐਸਡੀਆਰਐਫ਼ ਦੀ ਟੀਮ ਨੇ ਮਜ਼ਦੂਰਾਂ ਨੂੰ ਬਚਾਉਣ ਦੇ ਯਤਨ ਕੀਤੇ ਤੇਜ਼
Assam coal mine mishap: ਅਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਵਿਚ ਕੋਲਾ ਖਾਣ ਵਿਚ ਪਾਣੀ ਭਰਨ ਕਾਰਨ ਫਸੇ ਨੌਂ ਮਜ਼ਦੂਰਾਂ ’ਚੋਂ ਇਕ ਦੀ ਲਾਸ਼ ਫ਼ੌਜ ਦੇ ਗੋਤਾਖ਼ੋਰਾਂ ਨੇ ਬੁਧਵਾਰ ਨੂੰ ਤੀਜੇ ਦਿਨ ਬਰਾਮਦ ਕਰ ਲਈ ਹੈ। ਰਾਹਤ ਕਾਰਜ ਕਰ ਰਹੇ ਅਧਿਕਾਰੀਆਂ ਨੇ ਕਿਹਾ ਕਿ ਅੱਠ ਹੋਰ ਲੋਕਾਂ ਦੇ ਬਚਣ ਦੀ ਸੰਭਾਵਨਾ ਗੰਭੀਰ ਜਾਪਦੀ ਹੈ, ਹਾਲਾਂਕਿ ਜਲ ਸੈਨਾ, ਸੈਨਾ, ਐਨਡੀਆਰਐਫ਼ ਅਤੇ ਐਸਡੀਆਰਐਫ਼ ਦੇ ਕਰਮਚਾਰੀਆਂ ਦੀ ਇਕ ਟੀਮ ਨੇ ਫਸੇ ਹੋਏ ਮਾਈਨਰਾਂ ਨੂੰ ਬਚਾਉਣ ਲਈ ਅਪਣੇ ਯਤਨ ਤੇਜ਼ ਕਰ ਦਿਤੇ ਹਨ।
ਜ਼ਿਕਰਯੋਗ ਹੈ ਕਿ ਇਹ ਮਜ਼ਦੂਰ ਸੋਮਵਾਰ ਨੂੰ ਉਮਰਾਂਗਸੋ ਦੇ ਖੇਤਰ ਵਿਚ ਸਥਿਤ ਕੋਲੇ ਦੀ ਖਾਣ ਵਿਚ ਅਚਾਨਕ ਪਾਣੀ ਭਰਨ ਕਾਰਨ ਫਸ ਗਏ ਸਨ। ਅਧਿਕਾਰੀਆਂ ਨੇ ਦਸਿਆ ਕਿ ਗੋਤਾਖੋਰਾਂ ਨੇ ਸਵੇਰੇ ਖਾਨ ਦੇ ਅੰਦਰ ਲਾਸ਼ ਲੱਭੀ ਅਤੇ ਇਸ ਦੀ ਪਛਾਣ ਅਜੇ ਤਕ ਨਹੀਂ ਹੋ ਸਕੀ ਹੈ।
ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਐਕਸ ’ਤੇ ਪੋਸਟ ਕਰਦਿਆਂ ਇਸ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅੱਜ ਵੀ ਬਚਾਅ ਕਾਰਜ ਪੂਰੇ ਜ਼ੋਰਾਂ ਨਾਲ ਜਾਰੀ ਹਨ, ਫ਼ੌਜ ਅਤੇ ਐਨਡੀਆਰਐਫ਼ ਦੇ ਗੋਤਾਖੋਰ ਪਹਿਲਾਂ ਹੀ ਖੂਹ ਵਿਚ ਦਾਖ਼ਲ ਹੋ ਚੁਕੇ ਹਨ। ਉਧਰ ਪੁਲਿਸ ਨੇ ਘਟਨਾ ਦੇ ਸਬੰਧ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।