
India-Malaysia Relationship : ਅਤਿਵਾਦ ਅਤੇ ਸਾਈਬਰ ਸੁਰੱਖਿਆ ਵਰਗੇ ਮੁੱਦਿਆਂ ’ਤੇ ਸਹਿਮਤੀ ਬਣੀ
India-Malaysia Relationship : ਭਾਰਤ ਅਤੇ ਮਲੇਸ਼ੀਆ ਦੇ ਸੁਰੱਖਿਆ ਸਲਾਹਕਾਰਾਂ ਵਿਚਕਾਰ ਪਹਿਲੀ ਸੁਰੱਖਿਆ ਵਾਰਤਾ ਦਿੱਲੀ ਵਿਚ ਹੋਈ। ਦੋਵਾਂ ਧਿਰਾਂ ਨੇ ਖੇਤਰੀ ਅਤੇ ਗਲੋਬਲ ਸੁਰੱਖਿਆ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੇ ਦੋ-ਪੱਖੀ ਸੁਰੱਖਿਆ, ਰਖਿਆ ਅਤੇ ਸਮੁੰਦਰੀ ਸਹਿਯੋਗ ਦੀ ਸਮੀਖਿਆ ਕੀਤੀ ਗਈ। ਦੋਵੇਂ ਦੇਸ਼ ਸਾਂਝੇ ਤੌਰ ’ਤੇ ਅਤਿਵਾਦ ਦਾ ਮੁਕਾਬਲਾ ਕਰਨ ਅਤੇ ਕੱਟੜਪੰਥ ਨੂੰ ਘਟਾਉਣ ਅਤੇ ਸਾਈਬਰ ਸੁਰੱਖਿਆ, ਰਖਿਆ ਉਦਯੋਗ ਅਤੇ ਸਮੁੰਦਰੀ ਸੁਰੱਖਿਆ ਦੇ ਖੇਤਰਾਂ ਵਿਚ ਸਹਿਯੋਗ ਕਰਨ ਲਈ ਸਹਿਮਤ ਹੋਏ। ਦੋਵਾਂ ਧਿਰਾਂ ਨੇ ਹਰ ਸਾਲ ਸੁਰੱਖਿਆ ਸੰਵਾਦ ਆਯੋਜਤ ਕਰਨ ਨੂੰ ਮਨਜ਼ੂਰੀ ਦਿਤੀ।
ਮੀਟਿੰਗ ਦੀ ਪ੍ਰਧਾਨਗੀ ਭਾਰਤ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਮਲੇਸ਼ੀਆ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਰਾਜਾ ਦਾਤੋ ਨੁਸ਼ਿਰਵਾਨ-ਬਿਨ-ਆਬਿਦੀਨ ਨੇ ਕੀਤੀ। ਸੁਰੱਖਿਆ ਸੰਵਾਦ ਪਿਛਲੇ ਸਾਲ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਦੇ ਭਾਰਤ ਦੌਰੇ ਦਾ ਨਤੀਜਾ ਹੈ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ’ਤੇ ਅਗੱਸਤ 2024 ’ਚ ਭਾਰਤ ਆਇਆ ਸੀ।
ਦੋਵਾਂ ਪ੍ਰਧਾਨ ਮੰਤਰੀਆਂ ਦੀ ਮੀਟਿੰਗ ਵਿਚ ਭਾਰਤ ਅਤੇ ਮਲੇਸ਼ੀਆ ਦਰਮਿਆਨ ਆਮ ਕੂਟਨੀਤਕ ਸਬੰਧਾਂ ਨੂੰ ਵਿਆਪਕ ਰਣਨੀਤਕ ਅਤੇ ਸੁਰੱਖਿਆ ਸਹਿਯੋਗ ਦੇ ਪੱਧਰ ਤਕ ਅੱਪਗ੍ਰੇਡ ਕਰਨ ਲਈ ਸਹਿਮਤੀ ਬਣੀ। ਉੱਚ ਪਧਰੀ ਅਧਿਕਾਰੀ ਉਮੀਦ ਕਰ ਰਹੇ ਹਨ ਕਿ ਇਸ ਮੁਲਾਕਾਤ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਮਜ਼ਬੂਤ ਹੋਣਗੇ ਅਤੇ ਆਪਸੀ ਸਹਿਯੋਗ ਵਧੇਗਾ। ਆਉਣ ਵਾਲੇ ਸਮੇਂ ਵਿਚ ਕਈ ਹੋਰ ਗੱਲਬਾਤ ਦੀ ਉਮੀਦ ਹੈ।