
ਆਮ ਲੋਕਾਂ ਦੀ ਜੇਬ ਢਿੱਲੀ ਕਰ ਰਹੀ ਹੈ ਮੋਦੀ ਸਰਕਾਰ : ਕਾਂਗਰਸ
ਨਵੀਂ ਦਿੱਲੀ : ਵਾਹਨਾਂ ਨਾਲ ਜੁੜੇ ਬੀਮਾ ਅਤੇ ਜੀਵਨ ਬੀਮਾ ਦੀ ਕਿਸ਼ਤ ਵਿਚ ਵਾਧਾ ਕੀਤਾ ਜਾ ਸਕਦਾ ਹੈ। ਨਰਿੰਦਰ ਮੋਦੀ ਸਰਕਾਰ ਨੇ ਇਸ ਸਬੰਧ ਵਿਚ ਤਜਵੀਜ਼ ਤਿਆਰ ਕੀਤੀ ਹੈ। ਦੁਪਹੀਆ ਵਾਹਨ ਅਤੇ ਚਾਰ ਪਹੀਆ ਵਾਹਨਾਂ 'ਤੇ ਥਰਡ ਪਾਰਟੀ ਬੀਮਾ ਦੀ ਕਿਸ਼ਤ ਰਕਮ ਵਿਚ ਵਾਧੇ ਦੀ ਤਜਵੀਜ਼ ਹੈ। ਫ਼ਿਕਸਡ ਟਰਮ ਪਾਲਿਸੀ ਦੀ ਕਿਸਤ ਵਿਚ ਵੀ 20-25 ਫ਼ੀ ਸਦੀ ਦਾ ਵਾਧਾ ਕੀਤਾ ਜਾ ਸਕਦਾ ਹੈ।
Photo
ਕਾਂਗਰਸ ਨੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਮਗਰਮੱਛ ਦੇ ਹੰਝੂ ਵਹਾ ਕੇ ਆਮ ਲੋਕਾਂ ਦੀ ਜੇਬ ਢਿੱਲੀ ਕਰਨ ਵਿਚ ਲੱਗੀ ਹੈ। ਪਾਰਟੀ ਦੇ ਬੁਲਾਰੇ ਅਭਿਸ਼ੇਕ ਮਨੂੰ ਸਿੰਘਵੀ ਨੇ ਮੰਗ ਕੀਤੀ ਕਿ ਸਰਕਾਰ ਬੀਮੇ 'ਤੇ ਕਿਸਤ ਰਕਮ ਨੂੰ ਵਧਾਉਣ ਤੋਂ ਰੋਕੇ ਅਤੇ ਬੈਂਕਾਂ ਵਿਚ ਖਾਤਾਧਾਰਕਾਂ ਦੀ ਪੂੰਜੀ ਦੀ ਸੁਰੱਖਿਆ ਕਰੇ ਤੇ ਮਹਿੰਗਾਈ ਨੂੰ ਕੰਟਰੋਲ ਕਰੇ।
Photo
ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, 'ਬੀਮਾ ਦੇ ਸੰਦਰਭ ਵਿਚ ਦੋ ਅਤਿ ਮਾੜੇ ਫ਼ੈਸਲੇ ਕੀਤੇ ਜਾ ਰਹੇ ਹਨ।' ਸਿੰਘਵੀ ਨੇ ਕਿਹਾ ਕਿ ਇਨ੍ਹਾਂ ਦੋਹਾਂ ਵਾਧਿਆਂ ਨਾਲ ਦਰਮਿਆਨੇ ਵਰਗ ਅਤੇ ਹੇਠਲੇ ਵਰਗ ਦੇ ਲੋਕਾਂ 'ਤੇ ਬੁਰਾ ਅਸਰ ਪਵੇਗਾ। ਉਨ੍ਹਾਂ ਕਿਹਾ, 'ਐਲਆਈਸੀ ਜੀਵਨ ਬੀਮਾ ਦਾ 70 ਫ਼ੀ ਸਦੀ ਬਾਜ਼ਾਰ ਕੰਟਰੋਲ ਕਰਦੀ ਹੈ। ਇਸ ਨੂੰ ਵੀ ਵੇਚਣ ਦੀ ਤਿਆਰੀ ਹੈ। ਸਰਕਾਰ ਇਕ ਪਾਸੇ ਇਸ ਦਾ ਨਿਜੀਕਰਨ ਕਰਦੀ ਹੈ ਤੇ ਦੂਜੇ ਪਾਸੇ ਕਿਸਤ ਵਿਚ ਵਾਧਾ ਕਰ ਰਹੀ ਹੈ। ਇਹ ਕਿਸ ਤਰ੍ਹਾਂ ਦੀ ਸਾਜ਼ਸ ਹੈ?
Photo
ਕਾਂਗਰਸ ਆਗੂ ਨੇ ਕਿਹਾ ਕਿ ਈਪੀਐਫ਼ 'ਤੇ ਵਿਆਜ਼ ਦਰ ਵਿਚ ਕਮੀ ਕੀਤੀ ਗਈ ਹੈ, ਗੈਸ ਸਲੰਡਰ ਦੀ ਕੀਮਤ 144 ਰੁਪਏ ਵਧਾ ਦਿਤੀ ਗਈ ਹੈ ਪਰ ਮਿੱਟੀ ਦੇ ਤੇਲ 'ਤੇ ਸਬਸਿਡੀ ਘਟਾ ਦਿਤੀ ਗਈ ਹੈ। ਉਨ੍ਹਾਂ ਕਿਹਾ, 'ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਮੋਦੀ ਜੀ ਦੀ ਛਾਤੀ ਅਤੇ ਉਨ੍ਹਾਂ ਦੀ ਉਮਰ ਤੋਂ ਜ਼ਿਆਦਾ ਹੋ ਗਈ ਹੈ। 2014 ਵਿਚ ਜਦ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਸਨ ਤਾਂ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ 58 ਸੀ ਜੋ ਹੁਣ 73 ਰੁਪਏ ਤਕ ਚਲਾ ਗਿਆ ਹੈ।'