
ਕੁੱਝ ਲੜਾਈਆਂ ਅਜਿਹੀਆਂ ਹਨ ਜਿਨ੍ਹਾਂ ਨੂੰ ਸਿਰਫ਼ ਸਰਕਾਰ ਅਤੇ ਕਾਨੂੰਨ ਦੇ ਸਹਾਰੇ ਨਹੀਂ ਲੜਿਆ ਜਾ ਸਕਦਾ- ਇਮਰਾਨ ਖ਼ਾਨ
ਇਸਲਾਮਾਬਾਦ - ਬਲਾਤਕਾਰ ਅਤੇ ਜਿਨਸੀ ਸੋਸ਼ਣ 'ਤੇ' ਅਸ਼ਲੀਲਤਾ ਨੂੰ ਜ਼ਿੰਮੇਵਾਰ ਮੰਨਣ ਵਾਲੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਬਿਆਨ 'ਤੇ ਉਹਨਾਂ ਦੀ ਸਾਬਕਾ ਪਤਨੀ ਨੇ ਪਲਟਵਾਰ ਕੀਤਾ ਹੈ। ਜੈਮਿਮਾ ਗੋਲਡਸਮਿੱਥ ਨੇ ਕੁਰਾਨ ਦੀ ਆਇਤ ਦੇ ਹਵਾਲੇ ਨਾਲ ਟਵਿੱਟਰ 'ਤੇ ਇਕ ਪੋਸਟ ਸ਼ੇਅਰ ਕੀਤੀ। ਦਰਅਸਲ, ਐਤਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਵਿਚ ਵਧ ਰਹੀ ਬਲਾਤਕਾਰ ਅਤੇ ਜਿਨਸੀ ਸੋਸ਼ਣ ਦੀ ਖ਼ਾਸਕਰ ਬੱਚਿਆਂ ਨਾਲ ਵਾਪਰਦੀਆਂ ਘਟਨਾਵਾਂ 'ਤੇ ਸਰਕਾਰ ਦੀ ਯੋਜਨਾ ਨਾਲ ਜੁੜਿਆ ਇਕ ਸਵਾਲ ਪੁੱਛਿਆ ਗਿਆ ਸੀ।
ਇਸ ਦੇ ਜਵਾਬ ਵਿਚ ਪੀਐੱਮ ਨੇ ਕਿਹਾ ਸੀ ਕਿ ਕੁੱਝ ਲੜਾਈਆਂ ਅਜਿਹੀਆਂ ਹਨ ਜਿਨ੍ਹਾਂ ਨੂੰ ਸਿਰਫ਼ ਸਰਕਾਰ ਅਤੇ ਕਾਨੂੰਨ ਦੇ ਸਹਾਰੇ ਨਹੀਂ ਲੜਿਆ ਜਾ ਸਕਦਾ। ਇਸ ਦੇ ਲਈ ਸਮਾਜ ਨੂੰ ਨਾਲ ਚੱਲਣਾ ਪਵੇਗਾ ਅਤੇ ਲੜਕੀਆਂ ਨੂੰ ਖ਼ੁਦ ਨੂੰ ਅਸ਼ਲੀਲਤਾ ਤੋਂ ਬਚਾਉਣਾ ਹੋਵੇਗਾ। ਉਹਨਾਂ ਨੇ ਕਿਹਾ ਸੀ ਕਿ ਅੱਜ ਕੱਲ੍ਹ ਤਲਾਕ ਦੇ ਮਾਮਲੇ 70 ਫੀਸਦੀ ਤੋਂ ਜ਼ਿਆਦਾ ਹੋ ਗਏ ਹਨ ਅਤੇ ਉਸ ਦੀ ਵਜ੍ਹਾ ਹੈ ਸਮਾਜ ਵਿਚ ਅਸ਼ਲੀਲਤਾ। ਇਮਰਾਨ ਖ਼ਾਨ ਨੇ ਮਹਿਲਾਵਾਂ ਨੂੰ ਸਲਾਹ ਦਿੱਤੀ ਸੀ ਕਿ ਮਹਿਲਾਵਾਂ ਨੂੰ ਆਪਣੇ-ਆਪ ਨੂੰ ਪਰਦੇ ਵਿਚ ਰੱਖਣਾ ਚਾਹੀਦਾ ਹੈ।
ਇਮਰਾਨ ਖ਼ਾਨ ਦੇ ਇਸ ਬਿਆਨ ਤੋਂ ਬਾਅਦ ਹੁਣ ਗੋਲਡਸਮਿੱਥ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ,''ਵਿਸ਼ਵਾਸ ਵਾਲੇ ਆਦਮੀਆਂ ਨੂੰ ਕਹੋ ਕਿ ਉਹ ਆਪਣੀਆਂ ਅੱਖਾਂ 'ਤੇ ਰੋਕ ਲਗਾਉਣ ਅਤੇ ਉਨ੍ਹਾਂ ਦੇ ਨਿਜੀ ਹਿੱਸਿਆਂ ਦੀ ਰਾਖੀ ਕਰਨ।' ਕੁਰਾਨ 24:31, ਜ਼ਿਮੇਦਾਰੀ ਪੁਰਸ਼ਾ 'ਤੇ ਹੈ।''
ਗੋਲਡਸਮਿੱਥ ਦੇ ਪ੍ਰਧਾਨ ਮੰਤਰੀ ਦੀ ਆਲੋਚਨਾ ਵਾਲੇ ਟਵੀਟ ਨੂੰ ਹਜ਼ਾਰਾ ਲੋਕ ਸ਼ੇਅਰ ਕਰ ਰਹੇ ਹਨ। ਗੋਲਡਸਮਿੱਥ ਨੇ ਅਗਲੇ ਟਵੀਟ ਵਿਚ ਲਿਖਿਆ, ''ਮੇਰਾ ਖਿਆਲ ਹੈ ਕਿ ਇਹ ਅਨੁਵਾਦ ਦੀ ਗਲਤੀ ਹੈ ਜਾਂ ਸੰਦਰਭ ਗਲਤ ਹੈ ਕਿੁਂਕਿ ਜਿਸ ਇਮਰਾਨ ਨੂੰ ਮੈਂ ਜਾਣਦੀ ਹਾਂ ਉਹ ਕਹਿੰਦਾ ਸੀ ਕਿ ਪਰਦਾ ਮਹਿਲਾਵਾਂ ਨੂੰ ਨਹੀਂ ਬਲਕਿ ਆਦਮੀਆਂ ਨੂੰ ਆਪਣੀ ਅੱਖਾਂ 'ਤੇ ਕਰਨਾ ਚਾਹੀਦਾ ਹੈ।''