
ਭਾਵੇ ਕਰਫ਼ਿਊ ਹੋਵੇ ਜਾਂ ਤਾਲਾਬੰਦੀ, ਮੰਗਾਂ ਪੂਰੀਆਂ ਹੋਣ ਤਕ ਜਾਰੀ ਰਹੇਗਾ ਪ੍ਰਦਰਸ਼ਨ : ਟਿਕੈਤ
ਗਾਜ਼ੀਆਬਾਦ : ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁਧ ਪ੍ਰਦਰਸ਼ਨਾਂ ਦੌਰਾਨ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਨੇ ਦਿੱਲੀ-ਗਾਜ਼ੀਆਬਾਦ ਸਰਹੱਦ ’ਤੇ ਸਥਿਤ ਅੰਦੋਲਨ ਵਾਲੀ ਥਾਂ ’ਤੇ ‘ਸ਼ਹੀਦ ਸਮਾਰਕ’ ਦੀ ਨੀਂਹ ਰੱਖੀ ਹੈ।
Farmers Protest
ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਨੇ ਦਾਅਵਾ ਕੀਤਾ ਕਿ ਸਮਾਜਕ ਵਰਕਰ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਮਾਰੇ ਗਏ 320 ਕਿਸਾਨਾਂ ਦੇ ਪਿੰਡਾਂ ਤੋਂ ਸਮਾਰਕ ਲਈ ਮਿੱਟੀ ਲੈ ਕੇ ਆਏ।
Farmers Protest
ਬੀ. ਕੇ. ਯੂ. ਦੇ ਮੀਡੀਆ ਮੁਖੀ ਧਰਮਿੰਦਰ ਮਲਿਕ ਨੇ ਦਸਿਆ ਕਿ ਸੁਤੰਤਰਤਾ ਸੰਗ੍ਰਾਮ ਦੇ ਸ਼ਹੀਦਾਂ ਦੇ ਪਿੰਡਾਂ ਤੋਂ ਇਕੱਠੀ ਕੀਤੀ ਮਿੱਟੀ ਵੀ ਪ੍ਰਦਰਸ਼ਨ ਵਾਲੀ ਥਾਂ ’ਤੇ ਲਿਆਂਦੀ ਗਈ।
Rakesh Tikait
ਇਸ ਪ੍ਰਦਰਸ਼ਨ ਵਾਲੀ ਥਾਂ ’ਤੇ ਬੀ. ਕੇ. ਯੂ. ਆਗੂ ਰਾਕੇਸ਼ ਟਿਕੈਤ ਅਤੇ ਸਮਾਜਕ ਵਰਕਰ ਮੇਧਾ ਪਾਟਕਰ ਨੇ ਮੰਗਲਵਾਰ ਨੂੰ ਸਮਾਰਕ ਲਈ ਨੀਂਹ ਰੱਖੀ। ਬਾਅਦ ਵਿਚ ਇਸ ਸਮਾਰਕ ਨੂੰ ਸਥਾਈ ਤੌਰ ’ਤੇ ਬਣਾਇਆ ਜਾਵੇਗਾ।
Rakesh Tikait
ਹਾਲਾਂਕਿ ਗਾਜ਼ੀਆਬਾਦ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਜੇ ਸ਼ੰਕਰ ਪਾਂਡੇ ਨੇ ਕਿਹਾ ਕਿ ‘ਸ਼ਹੀਦ ਸਮਾਰਕ’ ਲਈ ਨੀਂਹ ਮਹਿਜ ਇਕ ਪ੍ਰਤੀਕ ਦੇ ਤੌਰ ’ਤੇ ਰੱਖੀ ਗਈ ਹੈ, ਨਾ ਕਿ ਸਥਾਈ ਰੂਪ ਤੋਂ। ਬੀ. ਕੇ. ਯੂ. ਨੇ ਦਸਿਆ ਕਿ 50 ਸਮਾਜਕ ਵਰਕਰਾਂ ਦਾ ਇਕ ਸਮੂਹ ਸਾਰੇ ਸੂਬਿਆਂ ਤੋਂ ਮਿੱਟੀ ਲੈ ਕੇ ਆਇਆ ਹੈ। ਪ੍ਰਦਰਸ਼ਨ ਵਾਲੀ ਥਾਂ ’ਤੇ ਸੁਤੰਤਰਤਾ ਸੈਨਾਨੀ ਭਗਤ ਸਿੰਘ, ਸੁਖਦੇਵ, ਰਾਜਗੁਰੂ, ਚੰਦਰਸ਼ੇਖਰ ਆਜ਼ਾਦ, ਰਾਮ ਪ੍ਰਸਾਦ ਬਿਸਮਿਲ ਅਤੇ ਅਸ਼ਫਾਕੁੱਲਾਹ ਖ਼ਾਨ ਦੇ ਪਿੰਡਾਂ ਤੋਂ ਵੀ ਮਿੱਟੀ ਲਿਆਂਦੀ ਗਈ।
ਭਾਵੇ ਕਰਫ਼ਿਊ ਹੋਵੇ ਜਾਂ ਤਾਲਾਬੰਦੀ, ਮੰਗਾਂ ਪੂਰੀਆਂ ਹੋਣ ਤਕ ਜਾਰੀ ਰਹੇਗਾ ਪ੍ਰਦਰਸ਼ਨ : ਟਿਕੈਤ
ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਦੋ ਟੁਕ ਕਿਹਾ ਕਿ ਭਾਵੇਂ ਕੁੱਝ ਵੀ ਹੋਵੇ, ਕਿਸਾਨ ਅੰਦੋਲਨ ਨਹੀਂ ਰੁਕੇਗਾ। ਉਨ੍ਹਾਂ ਕਿਹਾ ਕਿ ਸਰਕਾਰ ਕੋਰੋਨਾ ਦੇ ਨਾਮ ’ਤੇ ਧਮਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਸਾਡਾ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ। ਟਿਕੈਤ ਨੇ ਕਿਹਾ, “ਸਰਕਾਰ ਨੂੰ ਕੋਰੋਨਾ ਦੇ ਨਾਮ ’ਤੇ ਕਿਸਾਨਾਂ ਨੂੰ ਡਰਾਉਣਾ ਬੰਦ ਕਰਨਾ ਚਾਹੀਦਾ ਹੈ।’’ ਕਿਸਾਨ ਅੰਦੋਲਨ ਸ਼ਾਹੀਨ ਬਾਗ਼ ਨਹੀਂ ਹੈ। ਚਾਹੇ ਦੇਸ਼ ਵਿਚ ਕਰਫ਼ਿਊ ਹੋਵੇ ਜਾਂ ਤਾਲਾਬੰਦੀ, ਕਿਸਾਨ ਅੰਦੋਲਨ ਨਿਰੰਤਰ ਜਾਰੀ ਰਹੇਗਾ।