
ਪਹਿਲੇ ਪੜਾਅ ਦੀਆਂ 102 ਸੀਟਾਂ ਚੋਂ 42 ’ਤੇ 3-4 ਉਮੀਦਵਾਰਾਂ ਅਪਰਾਧਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ
ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ’ਚ 19 ਅਪ੍ਰੈਲ ਨੂੰ 102 ਸੀਟਾਂ ’ਤੇ ਵੋਟਿੰਗ ਹੋ ਰਹੀ ਹੈ, ਜਿਨ੍ਹਾਂ ’ਚੋਂ 42 ਸੀਟਾਂ ਅਜਿਹੀਆਂ ਹਨ ਜਿਨ੍ਹਾਂ ’ਤੇ ਤਿੰਨ ਜਾਂ ਇਸ ਤੋਂ ਵੱਧ ਉਮੀਦਵਾਰ ਅਪਰਾਧਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮ (ADR) ਨੇ ਅਪਣੇ ਵਿਸ਼ਲੇਸ਼ਣ ਦੇ ਆਧਾਰ ’ਤੇ ਇਹ ਜਾਣਕਾਰੀ ਦਿਤੀ ਹੈ।
ADR ਨੇ ਪਹਿਲੇ ਪੜਾਅ ਲਈ ਨਾਮਜ਼ਦਗੀਆਂ ਦਾਖਲ ਕਰਨ ਵਾਲੇ 1625 ਉਮੀਦਵਾਰਾਂ ’ਚੋਂ 1618 ਉਮੀਦਵਾਰਾਂ ਦੇ ਚੋਣ ਹਲਫਨਾਮਿਆਂ ਦਾ ਵਿਸ਼ਲੇਸ਼ਣ ਕੀਤਾ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ (ADR) ਵਲੋਂ ਸੌਂਪੇ ਗਏ ਹਲਫਨਾਮਿਆਂ ਦੇ ਵਿਸ਼ਲੇਸ਼ਣ ਮੁਤਾਬਕ ਕੁਲ 1,618 ਉਮੀਦਵਾਰਾਂ ਦਾ ਵਿਸ਼ਲੇਸ਼ਣ ਕੀਤਾ ਗਿਆ, ਜਿਨ੍ਹਾਂ ’ਚੋਂ 16 ਫੀ ਸਦੀ ਜਾਂ 252 ਉਮੀਦਵਾਰਾਂ ਨੇ ਅਪਣੇ ਵਿਰੁਧ ਗੰਭੀਰ ਅਪਰਾਧਕ ਮਾਮਲੇ ਦਰਜ ਹੋਣ ਦਾ ਐਲਾਨ ਕੀਤਾ ਹੈ ਜਦਕਿ 10 ਫ਼ੀ ਸਦੀ ਯਾਨੀਕਿ 161 ਉਮੀਦਵਾਰਾਂ ’ਤੇ ਗੰਭੀਰ ਅਪਰਾਧਕ ਮਾਮਲੇ ਦਰਜ ਹਨ।
ਸੱਤ ਉਮੀਦਵਾਰਾਂ ’ਤੇ ਕਤਲ ਦੇ ਮਾਮਲੇ ਦਰਜ ਹਨ, ਜਦਕਿ 19 ਉਮੀਦਵਾਰਾਂ ’ਤੇ ਕਤਲ ਦੀ ਕੋਸ਼ਿਸ਼ ਨਾਲ ਸਬੰਧਤ ਮਾਮਲੇ ਦਰਜ ਹਨ। ADR ਨੇ ਘਰੇਲੂ ਚੋਣਾਂ ਦੀ ਨਿਗਰਾਨੀ ਕਰਨ ਲਈ ਸਿਵਲ ਸੁਸਾਇਟੀ ਸਮੂਹਾਂ ਦੇ ਗੱਠਜੋੜ ਨੈਸ਼ਨਲ ਇਲੈਕਸ਼ਨ ਵਾਚ ਨਾਲ ਕੰਮ ਕੀਤਾ, ਉਮੀਦਵਾਰਾਂ ਵਲੋਂ ਦਾਖਲ ਕੀਤੇ ਹਲਫਨਾਮਿਆਂ ਅਤੇ ਉਨ੍ਹਾਂ ਦੇ ਨਾਮਜ਼ਦਗੀ ਪੱਤਰਾਂ ਦਾ ਵਿਸ਼ਲੇਸ਼ਣ ਕੀਤਾ।
18 ਉਮੀਦਵਾਰਾਂ ਨੇ ਅਪਣੇ ਹਲਫਨਾਮੇ ਵਿਚ ਔਰਤਾਂ ਵਿਰੁਧ ਅਪਰਾਧ ਨਾਲ ਜੁੜੇ ਮਾਮਲਿਆਂ ਦਾ ਐਲਾਨ ਕੀਤਾ ਹੈ ਅਤੇ ਉਨ੍ਹਾਂ ਵਿਚੋਂ ਇਕ ’ਤੇ ਭਾਰਤੀ ਦੰਡਾਵਲੀ ਦੀ ਧਾਰਾ 376 ਦੇ ਤਹਿਤ ਜਬਰ ਜਨਾਹ ਦਾ ਦੋਸ਼ ਲਗਾਇਆ ਗਿਆ ਹੈ। ਸੰਗਠਨ ਨੇ ਕਿਹਾ ਕਿ 35 ਉਮੀਦਵਾਰ ਅਜਿਹੇ ਹਨ ਜਿਨ੍ਹਾਂ ’ਤੇ ਨਫ਼ਰਤ ਭਰੇ ਭਾਸ਼ਣ ਦੇਣ ਦਾ ਦੋਸ਼ ਲਗਾਇਆ ਗਿਆ ਹੈ। ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ’ਚ 19 ਅਪ੍ਰੈਲ ਨੂੰ 102 ਸੀਟਾਂ ’ਤੇ ਵੋਟਿੰਗ ਹੋਵੇਗੀ, ਜਿਨ੍ਹਾਂ ’ਚੋਂ 42 ਸੀਟਾਂ ਯਾਨੀ 41 ਫੀ ਸਦੀ ‘ਰੈੱਡ ਅਲਰਟ’ ਸੀਟਾਂ ਹਨ।
ਕੀ ਹੁੰਦਾ ਹੈ ‘ਰੈੱਡ ਅਲਰਟ’ ਸੀਟ
ਏ.ਡੀ.ਆਰ. ਅਨੁਸਾਰ, ‘ਰੈੱਡ ਅਲਰਟ’ ਦਾ ਮਤਲਬ ਹੈ ਉਹ ਚੋਣ ਖੇਤਰ ਜਿੱਥੋਂ ਤਿੰਨ ਜਾਂ ਵਧੇਰੇ ਚਾਹਵਾਨ ਉਮੀਦਵਾਰਾਂ ਨੇ ਅਪਣੇ ਹਲਫਨਾਮੇ ’ਚ ਅਪਰਾਧਕ ਮਾਮਲਿਆਂ ਦਾ ਐਲਾਨ ਕੀਤਾ ਹੈ। ਵਿਸ਼ਲੇਸ਼ਣ ਅਨੁਸਾਰ, ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਵਲੋਂ ਇਸ ਪੜਾਅ ਲਈ ਮੈਦਾਨ ’ਚ ਉਤਾਰੇ ਗਏ ਸਾਰੇ ਚਾਰ ਉਮੀਦਵਾਰਾਂ ਦੇ ਵਿਰੁਧ ਅਪਰਾਧਕ ਮਾਮਲੇ ਦਰਜ ਹਨ।
ਵੱਖੋ-ਵੱਖ ਪਾਰਟੀਆਂ ਦੀ ਸਥਿਤੀ
ਤਾਮਿਲਨਾਡੂ ’ਚ ਸੱਤਾਧਾਰੀ ਦ੍ਰਾਵਿੜ ਮੁਨੇਤਰਾ ਕਜ਼ਗਮ (ਡੀ.ਐੱਮ.ਕੇ.) ਦੇ 22 ਉਮੀਦਵਾਰਾਂ ’ਚੋਂ 13 (59 ਫੀ ਸਦੀ), ਸਮਾਜਵਾਦੀ ਪਾਰਟੀ ਦੇ 7 ਐਲਾਨੇ ਉਮੀਦਵਾਰਾਂ ’ਚੋਂ 3 (43 ਫੀ ਸਦੀ), ਤ੍ਰਿਣਮੂਲ ਕਾਂਗਰਸ ਦੇ 5 ਐਲਾਨੇ ਉਮੀਦਵਾਰਾਂ ’ਚੋਂ 2 (40 ਫੀ ਸਦੀ), ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ ਐਲਾਨੇ ਗਏ 77 ਉਮੀਦਵਾਰਾਂ ’ਚੋਂ 28 (36 ਫੀ ਸਦੀ) ਅਤੇ ਕਾਂਗਰਸ ਵਲੋਂ ਐਲਾਨੇ ਗਏ 56 ਉਮੀਦਵਾਰਾਂ ’ਚੋਂ 19 (34 ਫੀ ਸਦੀ) ਵਿਰੁਧ ਅਪਰਾਧਕ ਮਾਮਲੇ ਦਰਜ ਹਨ।
ਇਸੇ ਤਰ੍ਹਾਂ ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰਾ ਕਜ਼ਗਮ (ਏ.ਆਈ.ਏ.ਡੀ.ਐਮ.ਕੇ.) ਵਲੋਂ ਖੜ੍ਹੇ ਕੀਤੇ ਗਏ 36 ਉਮੀਦਵਾਰਾਂ ਵਿਚੋਂ 13 (36 ਫੀ ਸਦੀ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਵਲੋਂ ਐਲਾਨੇ ਗਏ 86 ਉਮੀਦਵਾਰਾਂ ਵਿਚੋਂ 11 (13 ਫੀ ਸਦੀ) ਦਾਗੀ ਹਨ।
ਏ.ਡੀ.ਆਰ. ਨੇ ਅਪਰਾਧਕ ਪਿਛੋਕੜ ਦੇ ਖੁਲਾਸਿਆਂ ਦੇ ਨਾਲ-ਨਾਲ ਉਮੀਦਵਾਰਾਂ ਵਿਚਾਲੇ ਜਾਇਦਾਦ ਨਾਲ ਸਬੰਧਤ ਅਸਮਾਨਤਾਵਾਂ ਦਾ ਵੀ ਵਿਸ਼ਲੇਸ਼ਣ ਕੀਤਾ। ਹਲਫਨਾਮੇ ਮੁਤਾਬਕ ਪਹਿਲੇ ਪੜਾਅ ਦੀਆਂ ਚੋਣਾਂ ਲੜ ਰਹੇ ਲਗਭਗ 28 ਫੀ ਸਦੀ ਉਮੀਦਵਾਰ ਕਰੋੜਪਤੀ ਹਨ, ਜਿਨ੍ਹਾਂ ਕੋਲ ਇਕ ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ। ਪਹਿਲੇ ਪੜਾਅ ’ਚ ਚੋਣ ਲੜ ਰਹੇ ਉਮੀਦਵਾਰਾਂ ਦੀ ਔਸਤ ਜਾਇਦਾਦ 4.51 ਕਰੋੜ ਰੁਪਏ ਹੈ, ਜੋ ਵੱਖ-ਵੱਖ ਪਾਰਟੀਆਂ ’ਚ ਅਸਮਾਨਤਾ ਨੂੰ ਦਰਸਾਉਂਦੀ ਹੈ। ਹਲਫਨਾਮੇ ਦੇ ਵਿਸ਼ਲੇਸ਼ਣ ਅਨੁਸਾਰ ਆਰ.ਜੇ.ਡੀ. ਦੇ ਚਾਰੇ ਉਮੀਦਵਾਰ ਕਰੋੜਪਤੀ ਹਨ।
ਏ.ਆਈ.ਏ.ਡੀ.ਐਮ.ਕੇ. ਦੇ 36 ਉਮੀਦਵਾਰਾਂ ਵਿਚੋਂ 35 (97 ਫੀ ਸਦੀ), ਡੀ.ਐਮ.ਕੇ. ਦੇ 22 ਵਿਚੋਂ 21 (96 ਫੀ ਸਦੀ), ਭਾਜਪਾ ਦੇ 77 ਉਮੀਦਵਾਰਾਂ ਵਿਚੋਂ 69 (90 ਫੀ ਸਦੀ), ਕਾਂਗਰਸ ਦੇ 56 ਵਿਚੋਂ 49 (88 ਫੀ ਸਦੀ), ਤ੍ਰਿਣਮੂਲ ਕਾਂਗਰਸ ਦੇ ਪੰਜ ਵਿਚੋਂ ਚਾਰ (80 ਫੀ ਸਦੀ) ਅਤੇ ਬਸਪਾ ਦੇ 86 ਉਮੀਦਵਾਰਾਂ ਵਿਚੋਂ 18 (21 ਫੀ ਸਦੀ) ਨੇ ਇਕ ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦਾ ਐਲਾਨ ਕੀਤਾ ਹੈ।
ਮੱਧ ਪ੍ਰਦੇਸ਼ ਦੇ ਛਿੰਦਵਾੜਾ ਤੋਂ ਕਾਂਗਰਸ ਉਮੀਦਵਾਰ ਨਕੁਲ ਨਾਥ ਨੇ ਸੱਭ ਤੋਂ ਵੱਧ 716 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਹੈ। ਤਾਮਿਲਨਾਡੂ ਦੇ ਈਰੋਡ ਤੋਂ ਏ.ਆਈ.ਏ.ਡੀ.ਐਮ.ਕੇ. ਉਮੀਦਵਾਰ ਅਸ਼ੋਕ ਕੁਮਾਰ ਨੇ 662 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਹੈ। ਤਾਮਿਲਨਾਡੂ ਦੇ ਸ਼ਿਵਗੰਗਾ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜ ਰਹੇ ਦੇਵਨਾਥਨ ਯਾਦਵ ਟੀ ਨੇ 304 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਹੈ।