ਡਿਜੀਟਲ ਖੇਤਰ ਤੋਂ ਲੈ ਕੇ ਪੇਂਡੂ ਖੇਤਰ ਤਕ ਮੁਢਲੇ ਢਾਂਚੇ ਦੇ ਵਿਕਾਸ ਲਈ ਵਿਆਪਕ ਨਿਵੇਸ਼ ਕੀਤੇ ਹਨ ਜਿਸ ਨਾਲ ਰੁਜ਼ਗਾਰ ਦੇ ਕਾਫ਼ੀ ਮੌਕੇ ਪੈਦਾ ਹੋਏ ਹਨ।
ਨਵੀਂ ਦਿੱਲੀ, 7 ਮਈ : ਰੁਜ਼ਗਾਰ ਦੇ ਮੁੱਦੇ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜੋ ਖ਼ੁਦ ਨਿਰਾਸ਼ ਹਨ, ਉਹ ਦੇਸ਼ ਵਿਚ ਨਿਰਾਸ਼ਾ ਪੈਦਾ ਕਰ ਰਹੇ ਹਨ। ਨਾਲ ਹੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਰੇਲਵੇ ਤੋਂ ਲੈ ਕੇ ਰਾਜ ਮਾਰਗ ਅਤੇ ਡਿਜੀਟਲ ਖੇਤਰ ਤੋਂ ਲੈ ਕੇ ਪੇਂਡੂ ਖੇਤਰ ਤਕ ਮੁਢਲੇ ਢਾਂਚੇ ਦੇ ਵਿਕਾਸ ਲਈ ਵਿਆਪਕ ਨਿਵੇਸ਼ ਕੀਤੇ ਹਨ ਜਿਸ ਨਾਲ ਰੁਜ਼ਗਾਰ ਦੇ ਕਾਫ਼ੀ ਮੌਕੇ ਪੈਦਾ ਹੋਏ ਹਨ। ਪ੍ਰਧਾਨ ਮੰਤਰੀ ਨੇ ਕਰਨਾਟਕ ਭਾਜਪਾ ਯੂਥ ਮੋਰਚਾ ਵਰਕਰਾਂ ਨੂੰ 'ਨਰਿੰਦਰ ਮੋਦੀ ਐਪ' ਜ਼ਰੀਏ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਕੋਲ ਅਪਣੇ ਕਾਰਜਕਾਲ ਦੀਆਂ ਚੰਗੀਆਂ ਗੱਲਾਂ ਦੱਸਣ ਲਈ ਕੁੱਝ ਵੀ ਨਹੀਂ ਬਚਿਆ। ਕਾਂਗਰਸ ਨੇ 60 ਸਾਲ ਰਾਜ ਕੀਤਾ ਪਰ ਕੰਮ ਕੁੱਝ ਨਹੀਂ ਕੀਤਾ, ਇਸ ਲਈ ਉਨ੍ਹਾਂ ਕੋਲ ਬੋਲਣ ਨੂੰ ਕੁੱਝ ਨਹੀਂ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਅਪਣੇ 60 ਸਾਲਾਂ ਦੇ ਕਾਰਜਕਾਲ ਦੀਆਂ ਕੁੱਝ ਚੰਗੀਆਂ ਗੱਲਾਂ ਦਸ ਸਕਦੀ ਸੀ ਪਰ ਕੁੱਝ ਵੀ ਨਹੀਂ ਹੈ, ਇਸ ਲਈ ਝੂਠ ਫੈਲਾਅ ਰਹੇ ਹਨ ਅਤੇ ਝੂਠ ਬੋਲ ਰਹੇ ਹਨ। ਪ੍ਰਧਾਨ ਮੰਤਰੀ ਨੇ ਸਵਾਲ ਕੀਤਾ ਕਿ ਕੀ ਦੇਸ਼ ਵਿਚ ਸਾਰੀ ਬੇਰੁਜ਼ਗਾਰੀ ਪਿਛਲੇ ਚਾਰ ਸਾਲ ਵਿਚ ਆਈ ਹੈ? ਇਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ 10 ਸਾਲ ਰਹੀ ਪਰ ਕੁੱਝ ਨਹੀਂ ਕੀਤਾ ਗਿਆ। ਉਨ੍ਹਾਂ ਸਵਾਲ ਕੀਤਾ ਕਿ ਕੀ ਵੱਡੇ ਪੱਧਰ 'ਤੇ ਇਹ ਬੇਰੁਜ਼ਗਾਰੀ ਸਾਨੂੰ ਵਿਰਾਸਤ ਵਿਚ ਨਹੀਂ ਮਿਲੀ? ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਅਜਿਹੇ ਕਈ ਕੰਮ ਕੀਤੇ ਹਨ ਜਿਨ੍ਹਾਂ ਨਾਲ ਰੁਜ਼ਗਾਰ ਦੇ ਮੌਕੇ ਵਧੇ ਹਨ। ਉਨ੍ਹਾਂ ਕਿਹਾ ਕਿ ਦੁਨੀਆ ਦੀਆਂ ਕਈ ਏਜੰਸੀਆਂ ਨੇ ਭਾਰਤ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀਆਂ ਉਮੀਦਾਂ ਨੂੰ ਸਿਰਫ਼ ਇਕ ਰਸਤੇ ਨਾਲ ਪੂਰਾ ਕੀਤਾ ਜਾ ਸਕਦਾ ਹੇ। (ਏਜੰਸੀ)