
ਬੰਗਲੁਰੂ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ
ਨਵੀਂ ਦਿੱਲੀ, 8 ਮਈ : ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਰੁੱਝੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਦਿਤਾ ਹੈ। ਬੰਗਲੁਰੂ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ 2019 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਬਹੁਮਤ ਹਾਸਲ ਹੋਇਆ ਤਾਂ ਉਹ ਪ੍ਰਧਾਨ ਮੰਤਰੀ ਬਣਨਗੇ। ਦਸ ਦਈਏ ਕਿ ਰਾਹੁਲ ਗਾਂਧੀ ਕਰਨਾਟਕ ਵਿਚ ਸੱਤਾ ਬਰਕਰਾਰ ਰੱਖਣ ਲਈ ਅਪਣੀ ਪੂਰੀ ਤਾਕਤ ਲਗਾ ਰਹੇ ਹਨ। ਜਦੋਂ ਪੱਤਰਕਾਰਾਂ ਵਲੋਂ ਉਨ੍ਹਾਂ ਤੋਂ ਪੁਛਿਆ ਗਿਆ ਕਿ ਜੇਕਰ 2019 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੁੰਦੀ ਹੈ ਤਾਂ ਕੀ ਤੁਸੀਂ ਪ੍ਰਧਾਨ ਮੰਤਰੀ ਬਣੋਗੇ ਤਾਂ ਇਸ 'ਤੇ ਰਾਹੁਲ ਗਾਂਧੀ ਨੇ ਕਿਹਾ ਕਿ ਕਿਉਂ ਨਹੀਂ। ਉਨ੍ਹਾਂ ਪੀਐਮ ਮੋਦੀ 'ਤੇ ਵਾਰ ਕਰਦੇ ਹੋਏ ਕਿਹਾ ਕਿ ਮੈਂ ਵਾਰ-ਵਾਰ ਪੀਐਮ ਮੋਦੀ ਤੋਂ ਇਹ ਪੁੱਛ ਰਿਹਾ ਹਾਂ ਕਿ ਉਨ੍ਹਾਂ ਨੇ ਮੁੱਖ ਮੰਤਰੀ ਉਮੀਦਵਾਰ ਦੇ ਰੂਪ ਵਿਚ ਭ੍ਰਿਸ਼ਟ ਆਦਮੀ ਕਿਉਂ ਚੁਣਿਆ, ਜੋ ਜੇਲ੍ਹ ਵੀ ਜਾ ਚੁੱਕਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਰਾਹੁਲ ਨੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਪੀਐਮ ਮੋਦੀ 'ਤੇ ਹਮਲਾ ਬੋਲਿਆ ਸੀ। ਉਨ੍ਹਾਂ ਕਿਹਾ ਸੀ ਕਿ ਸੈਲਫ਼ੋਨ ਵਿਚ ਤਿੰਨ ਮੋਡ ਹੁੰਦੇ ਹਨ। ਪਹਿਲਾ ਕੰਮ ਕਰਨ ਵਾਲਾ ਮੋਡ ਹੁੰਦਾ ਹੈ। ਦੋ ਹੋਰ ਸਪੀਕਰ ਮੋਡ ਅਤੇ ਏਅਰਪਲੇਨ ਮੋਡ ਹੁੰਦੇ ਹਨ।
Rahul Gandhi
ਮੋਦੀ ਸਿਰਫ਼ ਸਪੀਕਰ ਅਤੇ ਏਅਰਪਲੇਨ ਮੋਡ ਦੀ ਵਰਤੋਂ ਕਰਦੇ ਹਨ, ਕੰਮ ਵਾਲੇ ਮੋਡ ਦੀ ਨਹੀਂ।ਉਨ੍ਹਾਂ ਤੋਂ ਮੋਦੀ ਵਲੋਂ ਪਿਛਲੇ ਹਫ਼ਤੇ ਚੋਣ ਰੈਲੀ ਵਿਚ ਕੀਤੀ ਗਈ ਟਿੱਪਣੀ ਸਬੰਧੀ ਪ੍ਰਤੀਕਿਰਿਆ ਦੇਣ ਲਈ ਕਿਹਾ ਗਿਆ ਸੀ, ਜਿਸ ਵਿਚ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਅਪਣੀ ਹਾਰ ਤੋਂ ਬਾਅਦ ਕਾਂਗਰਸ 'ਪੰਜਾਬ, ਪੁਡੁਚੇਰੀ ਅਤੇ ਪਰਵਾਰ ਕਾਂਗਰਸ' ਬਣ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਭ੍ਰਿਸ਼ਟਾਚਾਰ ਸਬੰਧੀ ਨਹੀਂ ਬੋਲ ਸਕਦੇ ਕਿਉਂਕਿ ਯੇਦੀਯੁਰੱਪਾ ਉਨ੍ਹਾਂ ਦੇ ਨੇੜੇ ਖੜ੍ਹੇ ਰਹਿੰਦੇ ਹਨ। ਉਹ ਕਿਸਾਨਾਂ ਸਬੰਧੀ ਨਹੀਂ ਬੋਲ ਸਕਦੇ ਕਿਉਂਕਿ ਉਨ੍ਹਾਂ ਨੇ ਐਮਐਸਪੀ (ਘੱਟੋ ਘੱਟ ਸਮਰਥਨ ਮੁੱਲ) ਨਹੀਂ ਦਿਤਾ, ਬੋਨਸ ਨਹੀਂ ਦਿਤਾ, ਉਨ੍ਹਾਂ ਦਾ ਖੇਤੀ ਕਰਜ਼ਾ ਮੁਆਫ਼ ਨਹੀ਼ ਕੀਤਾ। ਰਾਹੁਲ ਨੇ ਕਿਹਾ ਕਿ ਮੋਦੀ ਦਲਿਤਾਂ ਬਾਰੇ ਨਹੀਂ ਬੋਲ ਸਕਦੇ ਕਿਉਂਕਿ ਵੇਮੁਲਾ (ਹੈਦਰਾਬਾਦ ਦਾ ਦਲਿਤ) ਨੂੰ ਉਨ੍ਹਾਂ ਦੇ ਲੋਕਾਂ ਨੇ ਮਾਰਿਆ ਸੀ। ਊਨਾ ਵਿਚ ਦਲਿਤਾਂ ਨੂੰ ਉਨ੍ਹਾਂ ਦੇ ਲੋਕਾਂ ਨੇ ਮਾਰਿਆ। ਹੁਣ ਬਚ ਕੀ ਜਾਂਦਾ ਹੈ? ਰਾਹੁਲ ਗਾਂਧੀ, ਸਿਧਰਮਈਆ ਅਤੇ ਖੜਗੇ ਦੇ ਬਾਰੇ ਗ਼ਲਤ ਬੋਲੋ, ਮੋਦੀ ਇਹੀ ਕਰ ਰਹੇ ਹਨ। ਦਸ ਦਈਏ ਕਿ ਕਰਨਾਟਕ ਵਿਚ 12 ਮਈ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਜਦਕਿ 15 ਮਈ ਨੂੰ ਨਤੀਜਾ ਆਏਗਾ।