
ਕਈ ਰਾਜਾਂ ਵਿਚ 11 ਮਈ ਤਕ ਹਨੇਰੀ ਤੂਫ਼ਾਨ ਦੀ ਸੰਭਾਵਨਾ
ਨਵੀਂ ਦਿੱਲੀ, 7 ਮਈ : ਰਾਜਸਥਾਨ ਸਮੇਤ ਹੋਰ ਗੁਆਂਢੀ ਰਾਜਾਂ ਵਿਚ ਸੰਭਾਵੀ ਤੂਫ਼ਾਨ ਕਮਜ਼ੋਰ ਪੈ ਗਿਆ ਹੈ ਹਾਲਾਂਕਿ ਮੌਸਮ ਵਿਭਾਗ ਨੇ ਰਾਜਸਥਾਨ, ਉਤਰਾਖੰਡ, ਪੰਜਾਬ ਅਤੇ ਦਿੱਲੀ ਸਮੇਤ ਅੱਠ ਰਾਜਾਂ ਵਿਚ ਤੂਫ਼ਾਨ ਦੀ ਚੇਤਾਵਨੀ ਬਰਕਰਾਰ ਰੱਖੀ ਹੈ। ਸਬੰਧਤ ਰਾਜਾਂ ਨੂੰ ਜ਼ਰੂਰੀ ਇੰਤਜ਼ਾਮ ਕਰਨ ਲਈ ਕਿਹਾ ਗਿਆ ਹੈ। ਮੌਸਮ ਵਿਭਾਗ ਦੇ ਨਿਰਦੇਸ਼ਕ ਡਾ. ਕੁਲਦੀਪ ਸ੍ਰੀਵਾਸਤਵ ਨੇ ਦਸਿਆ ਕਿ ਸੰਭਾਵੀ ਇਲਾਕਿਆਂ ਵਿਚ ਅੱਜ ਦੁਪਹਿਰ ਹਵਾ ਦੇ ਘੱਟ ਦਬਾਅ ਦਾ ਖੇਤਰ ਕਮਜ਼ੋਰ ਪੈ ਜਾਣ ਕਾਰਨ ਤੂਫ਼ਾਨ ਵੀ ਹੁਣ ਕਮਜ਼ੋਰ ਪੈ ਗਿਆ ਹੈ। ਇਸ ਦੇ ਬਾਵਜੂਦ ਸਥਾਨਕ ਪ੍ਰਸ਼ਾਸਨ ਅਤੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਸ੍ਰੀਵਾਸਤਵ ਨੇ ਕਿਹਾ ਕਿ ਐਤਵਾਰ ਨੂੰ ਉਤਰੀ ਰਾਜਸਥਾਨ ਵਿਚ ਤੇਜ਼ ਹਵਾਵਾਂ ਨਾਲ ਹਨੇਰੀ ਤੂਫ਼ਾਨ ਦੇ ਖ਼ਤਰੇ ਦੀ ਚੇਤਾਵਨੀ 48 ਘੰਟਿਆਂ ਲਈ ਜਾਰੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਮੌਸਮ ਦੇ ਰੁਖ਼ ਵਿਚ ਤਬਦੀਲੀ ਕਾਰਨ ਤੂਫ਼ਾਨ ਹੁਣ ਕਮਜ਼ੋਰ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਰਾਤ ਤੋਂ ਮੰਗਲਵਾਰ ਰਾਤ ਤਕ ਰਾਜਸਥਾਨ, ਪੰਜਾਬ, ਹਰਿਆਦਾ, ਯੂਪੀ ਅਤੇ ਦਿੱਲੀ ਵਿਚ ਤੇਜ਼ ਹਵਾਵਾਂ ਨਾਲ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਦੇਸ਼ ਦੇ ਕਈ ਰਾਜਾਂ ਵਿਚ 11 ਮਈ ਤਕ ਤੂਫ਼ਾਨ ਹਨੇਰੀ ਆਉਣ ਦੀ ਸੰਭਾਵਨਾ ਹੈ। ਦਿੱਲੀ-ਐਨਸੀਆਰ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਸ਼ੁਕਰਵਾਰ ਤਕ ਹਨੇਰੀ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਹਾਲ ਹੀ ਵਿਚ ਹਿਮਾਚਲ ਪ੍ਰਦੇਸ਼ ਵਿਚ ਤਾਜ਼ਾ ਬਰਫ਼ਬਾਰੀ ਵੀ ਹੋਈ ਹੈ।
Storm alert
ਮੌਸਮ ਵਿਭਾਗ ਨੇ ਕਿਹਾ ਹੈ ਕਿ ਯੂਪੀ, ਬਿਹਾਰ, ਪਛਮੀ ਬੰਗਾਲ, ਸਿੱਕਮ, ਉੜੀਸਾ, ਆਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ, ਕਰਨਾਟਕ ਅਤੇ ਕੇਰਲਾ ਹਨੇਰੀ ਤੂਫ਼ਾਨ ਤੋਂ ਪ੍ਰਭਾਵਤ ਹੋ ਸਕਦੇ ਹਨ। ਮੌਸਮ ਵਿਭਾਗ ਨੇ ਕਿਹਾ, 'ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿਚ ਵੀ ਵੱਖ ਵੱਖ ਥਾਵਾਂ 'ਤੇ ਹਨੇਰੀ ਦੀ ਸੰਭਾਵਨਾ ਹੈ।' ਪੰਜਾਬ, ਹਰਿਆਣਾ ਤੇ ਹੋਰ ਰਾਜਾਂ ਵਿਚ ਅੱਜ ਵਿਦਿਅਕ ਅਦਾਰੇ ਬੰਦ ਰਹੇ। ਦਿੱਲੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮੌਸਮ ਦਾ ਮਿਜ਼ਾਜ ਵੇਖਣ ਮਗਰੋਂ ਯਾਤਰਾ ਦਾ ਪ੍ਰੋਗਰਾਮ ਬਣਾਇਆ ਜਾਵੇ। ਇਸੇ ਦੌਰਾਨ ਪਿਛਲੇ ਇਕ ਦੋ ਦਿਨਾਂ ਤੋਂ ਸੋਸ਼ਲ ਮੀਡੀਆ ਵਿਚ ਰਾਜਸਥਾਨ ਵਿਚ ਆਏ ਕਥਿਤ ਤੇਜ਼ ਤੂਫ਼ਾਨ ਦੀ ਵੀਡੀਉ ਫੈਲ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਤੂਫ਼ਾਨ ਤੇਜ਼ੀ ਨਾਲ ਪੰਜਾਬ ਵਲ ਆ ਰਿਹਾ ਹੈ ਪਰ ਅੱਜ ਮੌਸਮ ਪੂਰੀ ਤਰ੍ਹਾਂ ਸਾਫ਼ ਰਿਹਾ ਅਤੇ ਕਿਸੇ ਤਰ੍ਹਾਂ ਦੀ ਹਨੇਰੀ ਤੇ ਤੂਫ਼ਾਨ ਨਹੀਂ ਆਇਆ। ਮੌਸਮ ਵਿਭਾਗ ਜੈਪੁਰ ਦੇ ਡਿਊਟੀ ਅਫ਼ਸਰ ਅਸ਼ੋਕ ਮੀਨਾ ਨੇ ਕਿਹਾ ਕਿ ਇਹ ਵੀਡੀਉ ਫ਼ਰਜ਼ੀ ਹੈ ਅਤੇ ਰਾਜਸਥਾਨ ਵਿਚ ਹਨੇਰੀ ਤਾਂ ਆਈ ਪਰ ਓਨਾ ਤੇਜ਼ ਤੂਫ਼ਾਨ ਨਹੀਂ ਆਇਆ ਜਿੰਨਾ ਵੀਡੀਉ ਵਿਚ ਵਿਖਾਇਆ ਜਾ ਰਿਹਾ ਹੈ। ਇਹ ਵੀਡੀਉ ਫ਼ਰਜ਼ੀ ਹੈ। ਉਨ੍ਹਾਂ ਕਿਹਾ ਕਿ ਅਗਲੇ ਇਕ ਦੋ ਦਿਨ ਵਿਚ ਹਲਕੀ ਬਰਸਾਤ ਤੇ ਤੇਜ਼ ਹਵਾ ਚੱਲ ਸਕਦੀ ਹੈ ਪਰ ਘਬਰਾਉਣ ਦੀ ਲੋੜ ਨਹੀਂ। ਇਹ ਵੀਡੀਉ ਸ਼ਰਾਰਤੀ ਅਨਸਰਾਂ ਨੇ ਬਣਾਈ ਹੈ। ਮੌਸਮ ਵਿਭਾਗ ਚੰਡੀਗੜ੍ਹ ਦੇ ਸ਼ਵਿੰਦਰ ਨੇ ਕਿਹਾ ਕਿ ਇਹ ਵੀਡੀਉ ਸਿਰਫ਼ ਅਫ਼ਵਾਹ ਹੈ ਜਿਸ ਵਲ ਧਿਆਨ ਨਾ ਦਿਤਾ ਜਾਵੇ। (ਏਜੰਸੀ)
ਅੱਜ ਵੀ ਬੰਦ ਰਹਿਣਗੇ ਹਰਿਆਣਾ ਦੇ ਸਕੂਲ
ਹਨੇਰੀ-ਤੂਫ਼ਾਨ ਆਉਣ ਦੀ ਸੰਭਾਵਨਾ ਕਾਰਨ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਸਕੂਲਾਂ ਵਿਚ ਅੱਜ ਛੁੱਟੀ ਰਹੀ। ਹਰਿਆਣਾ ਵਿਚ ਮੰਗਲਵਾਰ ਨੂੰ ਵੀ ਸਕੂਲ ਬੰਦ ਰਹਿਣਗੇ। ਪੰਜਾਬ ਵਿਚ ਅੱਜ ਸਵੇਰੇ ਸਕੂਲ ਖੁਲ੍ਹ ਗਏ ਪਰ 11 ਵਜੇ ਤਕ ਬੰਦ ਕਰ ਦਿਤੇ ਗਏ। ਸਕੂਲ ਬੰਦ ਕਰਨ ਜਾਂ ਨਾ ਕਰਨ ਦਾ ਫ਼ੈਸਲਾ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ 'ਤੇ ਛੱਡ ਦਿਤਾ ਗਿਆ ਹੈ ਜਿਹੜੇ ਮੌਸਮ ਨੂੰ ਵੇਖਦਿਆਂ ਫ਼ੈਸਲਾ ਕਰਨਗੇ।