
ਪਟਰੌਲ-ਡੀਜ਼ਲ ਦੀਆਂ ਕੀਮਤਾਂ ਅਸਮਾਨ 'ਤੇ, 'ਅੱਛੇ ਦਿਨ' ਵਾਲੀ ਸਰਕਾਰ ਚੁੱਪ ਕਿਉਂ : ਰਾਹੁਲ
ਬੰਗਲੌਰ/ਨਵੀਂ ਦਿੱਲੀ, 7 ਮਈ : ਰਾਹੁਲ ਗਾਂਧੀ ਨੇ ਪਟਰੌਲ ਉਤਪਾਦਾਂ ਦੀਆਂ ਉੱਚੀਆਂ ਕੀਮਤਾਂ ਦਾ ਵਿਰੋਧ ਕਰਦਿਆਂ ਕਰਨਾਟਕ ਦੇ ਕੋਲਾਰ ਜ਼ਿਲ੍ਹੇ ਵਿਚ ਸਾਈਕਲ ਚਲਾ ਕੇ ਵਿਰੋਧ ਮਾਰਚ ਦੀ ਅਗਵਾਈ ਕੀਤੀ। ਬਾਅਦ ਵਿਚ ਉਨ੍ਹਾਂ ਬੈਲਗੱਡੀ 'ਤੇ ਖਲੋ ਕੇ ਲੋਕਾਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਆਮ ਆਦਮੀ ਤੋਂ ਧਨ ਲੈ ਕੇ ਅਪਣੇ ਅਮੀਰ ਦੋਸਤਾਂ ਨੂੰ ਦੇਣਾ ਚਾਹੁੰਦੀ ਹੈ। ਉਨ੍ਹਾਂ ਸਰਕਾਰ ਨੂੰ ਲੋਕਾਂ ਨੂੰ ਇਹ ਜਵਾਬ ਦੇਣ ਲਈ ਕਿਹਾ ਕਿ ਉਹ ਦੇਸ਼ ਵਿਚ ਪਟਰੌਲ ਦੀ ਕੀਮਤ ਘੱਟ ਕਿਉਂ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਏਅਰੋਪਲੇਨ ਮੋਡ ਵਿਚ ਰਹਿੰਦੇ ਹਨ। ਸਪੀਕਰ ਵਰਕ ਮੋਡ ਵਿਚ ਨਹੀਂ ਹੈ। ਪਟਰੌਲ-ਡੀਜ਼ਲ ਅਤੇ ਐਲਪੀਜੀ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵਾਰ ਕਰਦਿਆਂ ਕਾਂਗਰਸ ਪ੍ਰਧਾਨ ਨੇ ਸਵਾਲ ਕੀਤਾ ਕਿ 'ਅੱਛੇ ਦਿਨ' ਦਾ ਵਾਅਦਾ ਕਰਨ ਵਾਲੀ ਸਰਕਾਰ ਚੁੱਪ ਕਿਉਂ ਹੈ?
Rahul Gandhi on cycle
ਰਾਹੁਲ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਦੇ ਕੁੱਝ ਹੋਰ ਨੇਤਾਵਾਂ ਦੇ ਪੁਰਾਣੇ ਬਿਆਨਾਂ ਨਾਲ ਜੁੜੀ ਵੀਡੀਉ ਸਾਂਝੀ ਕਰਦਿਆਂ ਕਿਹਾ ''ਭਾਜਪਾ ਸਰਕਾਰ ਨੇ ਸਾਲ 2014 ਤੋਂ ਪਟਰੌਲ, ਐਲਪੀਜੀ ਤੇ ਡੀਜ਼ਲ 'ਤੇ ਕਰ ਰਾਹੀਂ ਲੱਖਾਂ ਰੁਪਏ ਇਕੱਠੇ ਕੀਤੇ। ਇਸ ਦੇ ਬਾਵਜੂਦ ਸਾਡੇ ਨਾਗਰਿਕਾਂ ਨੂੰ ਕੋਈ ਰਾਹਤ ਨਹੀਂ ਦਿਤੀ ਗਈ। ਵੀਡੀਉ ਵਿਚ ਭਾਜਪਾ ਨੇਤਾ ਮੁਖ਼ਤਾਰ ਅੱਬਾਸ ਨਕਵੀ ਅਤੇ ਸੁਸ਼ਮਾ ਸਵਰਾਜ ਦੇ ਪੁਰਾਣੇ ਬਿਆਨਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਵੀਡੀਉ ਵਿਚ ਸਵਾਲ ਕੀਤਾ ਗਿਆ ਹੈ ਕਿ 'ਅੱਛੇ ਦਿਨ' ਦਾ ਵਾਅਦਾ ਕਰਨ ਵਾਲੀ ਸਰਕਾਰ ਪਟਰੌਲ-ਡੀਜ਼ਲ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ 'ਤੇ ਚੁੱਪ ਕਿਉਂ ਹੈ? (ਏਜੰਸੀ)