
“ਜਿਨ੍ਹਾਂ ਨੇ ਨਿਤੀਸ਼ ਕੁਮਾਰ ਨੂੰ ਇੰਡੀਆ ਦਾ ਕਨਵੀਨਰ ਬਣਾਉਣ ਤੋਂ ਇਨਕਾਰ ਕਰ ਦਿਤਾ, ਉਹ ਹੁਣ PM ਅਹੁਦੇ ਦੀ ਪੇਸ਼ਕਸ਼ ਕਰ ਰਹੇ ਨੇ”
Nitish Kumar News: ਪਟਨਾ: ਜੇਡੀਯੂ ਨੇਤਾ ਕੇਸੀ ਤਿਆਗੀ ਨੇ ਕਿਹਾ ਹੈ ਕਿ ਜਿਨ੍ਹਾਂ ਨੇਤਾਵਾਂ ਨੇ ਪਹਿਲਾਂ ਨਿਤੀਸ਼ ਕੁਮਾਰ ਨੂੰ ‘ਇੰਡੀਆ’ ਗਠਜੋੜ ਦਾ ਰਾਸ਼ਟਰੀ ਕਨਵੀਨਰ ਬਣਾਉਣ ਤੋਂ ਇਨਕਾਰ ਕਰ ਦਿਤਾ ਸੀ, ਉਹ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨ ਦੀ ਪੇਸ਼ਕਸ਼ ਕਰ ਰਹੇ ਹਨ। ਕੇਸੀ ਤਿਆਗੀ ਦੇ ਇਸ ਬਿਆਨ ਤੋਂ ਬਾਅਦ ਕੇਂਦਰ 'ਚ ਨਵੀਂ ਸਰਕਾਰ ਦੇ ਗਠਨ ਤੋਂ ਪਹਿਲਾਂ ਹੀ ਸਿਆਸੀ ਖਲਬਲੀ ਮਚ ਗਈ ਹੈ। ਹਾਲਾਂਕਿ ਕੇਸੀ ਤਿਆਗੀ ਦਾ ਕਹਿਣਾ ਹੈ ਕਿ ਨਿਤੀਸ਼ ਕੁਮਾਰ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਨੂੰ ਠੁਕਰਾ ਦਿਤਾ ਸੀ।
ਇੰਡੀਅਨ ਐਕਸਪ੍ਰੈਸ ਨਾਲ ਗੱਲ ਕਰਦੇ ਹੋਏ, ਤਿਆਗੀ ਨੇ ਕਿਹਾ, "ਰਾਜਨੀਤੀ ਦੀ ਅਜਿਹੀ ਖੇਡ ਹੈ ਕਿ ਜਿਨ੍ਹਾਂ ਨੇ ਨਿਤੀਸ਼ ਕੁਮਾਰ ਨੂੰ ਇੰਡੀਆ ਬਲਾਕ ਦਾ ਰਾਸ਼ਟਰੀ ਕਨਵੀਨਰ ਬਣਾਉਣ ਤੋਂ ਇਨਕਾਰ ਕਰ ਦਿਤਾ ਸੀ, ਉਹ ਹੁਣ ਨਿਤੀਸ਼ ਨੂੰ ਪ੍ਰਧਾਨ ਮੰਤਰੀ ਬਣਾਉਣ ਦੀਆਂ ਪੇਸ਼ਕਸ਼ਾਂ ਕਰ ਰਹੇ ਹਨ।"ਤਿਆਗੀ ਨੇ ਕਿਹਾ ਕਿ ਇਹ ਕਾਂਗਰਸ ਅਤੇ ਹੋਰ ਪਾਰਟੀਆਂ ਦੁਆਰਾ "ਮਾੜੇ ਸਲੂਕ" ਦੇ ਕਾਰਨ ਹੀ ਨਿਤੀਸ਼ ਨੂੰ ਇਸ ਜਨਵਰੀ ਵਿਚ ਐਨਡੀਏ ਵਿਚ "ਵਾਪਸੀ" ਕਰਨ ਲਈ ਮਜ਼ਬੂਰ ਹੋਣਾ ਪਿਆ।
ਉਨ੍ਹਾਂ ਕਿਹਾ, “ਪਿੱਛੇ ਮੁੜ ਕੇ ਦੇਖਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਜਿਵੇਂ ਕਿ ਨਿਤੀਸ਼ ਕੁਮਾਰ ਨੇ ਚੋਣ ਪ੍ਰਚਾਰ ਦੌਰਾਨ ਕਈ ਵਾਰ ਕਿਹਾ ਸੀ। ਅਸੀਂ ਹੁਣ ਐਨਡੀਏ ਦੇ ਇਕ ਵਡਮੁੱਲੇ ਭਾਈਵਾਲ ਹਾਂ ਅਤੇ ਅਸੀਂ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕਰਾਂਗੇ, ਜੋ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਲਈ ਤਿਆਰ ਹਨ”।
ਤਿਆਗੀ ਨੇ ਕਿਹਾ ਕਿ ਇੰਡੀਆ ਬਲਾਕ ਦੇ ਵਿਚਾਰ ਪਿੱਛੇ ਨਿਤੀਸ਼ ਦੀ ਭੂਮਿਕਾ ਸੀ, ਅਤੇ ਉਨ੍ਹਾਂ ਕਿਹਾ ਕਿ ਇਸ ਦੇ ਵੱਖ-ਵੱਖ ਮੈਂਬਰਾਂ ਦੁਆਰਾ ਉਨ੍ਹਾਂ ਨੂੰ "ਇਕ ਪਾਸੇ ਧੱਕ ਦਿਤਾ ਗਿਆ। ਐਨਡੀਏ ਦੇ ਨਾਲ, ਸਾਡੀ ਇੱਜ਼ਤ ਬਹਾਲ ਹੋਈ ਹੈ ਅਤੇ ਨਿਤੀਸ਼ ਕੁਮਾਰ ਰਾਸ਼ਟਰੀ ਰਾਜਨੀਤੀ ਵਿਚ ਇਕ ਹਿੱਸੇਦਾਰ ਬਣ ਗਏ ਹਨ। ਸਾਨੂੰ ਸਹਿਯੋਗੀ ਭਾਜਪਾ ਤੋਂ ਬਹੁਤ ਸਨਮਾਨ ਮਿਲ ਰਿਹਾ ਹੈ।''