
ਕਾਂਗਰਸ ਨੇ ਸੂਬੇ ਦੀ ਭਾਜਪਾ ਸਰਕਾਰ ’ਤੇ ਲਾਏ ਦੋਸ਼, ਕਿਹਾ ਮੱਧ ਪ੍ਰਦੇਸ਼ ’ਚ ਲੱਠਮਾਰ ਲੋਕਾਂ ਵਲੋਂ ਆਮ ਲੋਕਾਂ ’ਤੇ ਵਿਰੁਧ ਤਸ਼ੱਦਦ ਰੋਜ਼ ਦੀ ਗੱਲ ਬਣ ਗਈ ਹੈ
ਵਿਦਿਸ਼ਾ: ਜ਼ਿਲ੍ਹੇ ਦੇ ਇਕ ਵਿਅਕਤੀ ਨੇ ਅਪਣੀ ਬੇਟੀ ਨਾਲ ਛੇੜਖਾਨੀ ਕਰਨ ਅਤੇ ਉਸ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਮੁਲਜ਼ਮ ਦੀ ਜੇਲ ਤੋਂ ਰਿਹਾਈ ਮਗਰੋਂ ਕਥਿਤ ਰੂਪ ’ਚ ਖ਼ੁਦਕੁਸ਼ੀ ਕਰ ਲਈ। ਸੂਬੇ ਦੇ ਗ੍ਰਹਿ ਮੰਤਰੀ ਨੇ ਸਨਿਚਰਵਾਰ ਨੂੰ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿਤੇ ਹਨ।
ਮ੍ਰਿਤਕ ਨੇ ਪੁਲਿਸ ’ਤੇ ਇਸ ਮਾਮਲੇ ’ਚ ਢਿੱਲ ਵਰਤਣ ਦੇ ਦੋਸ਼ ਲਾਏ ਸਨ। ਮੁਲਜ਼ਮ ਦੀ ਜ਼ਮਾਨਤ ’ਤੇ ਰਿਹਾਈ ਮਗਰੋਂ ਕੁੜੀ ਦਾ ਪਿਤਾ ਏਨਾ ਨਿਰਾਸ਼ ਹੋ ਗਿਆ ਕਿ ਉਸ ਨੇ ਖ਼ੁਦਕੁਸ਼ੀ ਕਰ ਲਈ।
ਵਿਦਿਸ਼ਾ ਕੋਤਵਾਲੀ ਥਾਣੇ ਦੇ ਇੰਚਾਰਜ ਆਸ਼ੂਤੋਸ਼ ਸਿੰਘ ਨੇ ਦਸਿਆ ਕਿ ਛੇ ਵਿਅਕਤੀਆਂ ’ਤੇ ਛੇੜਖਾਨੀ ਦਾ ਦੋਸ਼ ਲਾਉਣ ਮਗਰੋਂ 25 ਮਈ ਨੂੰ ਕੁੜੀ ਦੀ ਖ਼ੁਦਕੁਸ਼ੀ ਕਰ ਲਈ ਸੀ ਜਿਸ ਤੋਂ ਬਾਅਦ ਨਟੇਰਨ ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਕੇ ਇਕ ਮੁਲਜ਼ਮ ਸੁਦੀਪ ਧਾਕੜ ਨੂੰ ਗ੍ਰਿਫ਼ਤਾਰ ਕਰ ਲਿਆ।
ਅਧਿਕਾਰੀ ਨੇ ਕਿਹਾ ਕਿ ਵੀਰਵਾਰ ਨੂੰ ਕੁੜੀ ਦੇ ਪਿਤਾ ਨੇ ਵੀ ਖ਼ੁਦਕੁਸ਼ੀ ਕਰ ਲਈ ਜਿਸ ਤੋਂ ਬਾਅਦ ਵਿਦਿਸ਼ਾ ਕੋਤਵਾਲੀ ਪੁਲਿਸ ਨੇ ਛੇ ਵਿਅਕਤੀਆਂ ਵਿਰੁਧ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਹੈ।
ਗ੍ਰਹਿ ਮੰਤਰੀ ਮਿਸ਼ਰਾ ਨਰੋਤਮ ਮਿਸ਼ਰਾ ਨੇ ਕਿਹਾ ਕਿ ਕੁੜੀ ਵਲੋਂ ਛੇੜਛਾੜ ਦੀ ਸ਼ਿਕਾਇਤ ’ਤੇ ਧਾਰਾ 354 (ਕਿਸੇ ਔਰਤ ਦੀ ਇੱਜ਼ਤ ਲੁੱਟਣ ਦੇ ਇਰਾਦੇ ਨਾਲ ਉਸ ’ਤੇ ਹਮਲਾ ਜਾਂ ਅਪਰਾਧਕ ਬਲ ਦਾ ਪ੍ਰਯੋਗ) ਹੇਠ ਮਾਮਲਾ ਦਰਜ ਕਰ ਕੇ ਸੰਮਨ ਜਾਰੀ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਜਦੋਂ ਕੁੜੀ ਨੇ ਖ਼ੁਦਕੁਸ਼ੀ ਕਰ ਲਈ ਤਾਂ ਐਫ਼.ਆਈ.ਆਰ. ’ਚ ਧਾਰਾ 306 (ਖ਼ੁਦਕੁਸ਼ੀ ਨਹੀ ਉਕਸਾਉਣਾ) ਵੀ ਜੋੜਿਆ ਗਿਆ ਅਤੇ ਇਕ ਮੁਲਜ਼ਮ ਸੁਦੀਪ ਧਾਕੜ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਮੁਲਜ਼ਮ ਦੇ ਜ਼ਮਾਨਤ ’ਤੇ ਜੇਲ ’ਚੋਂ ਰਿਹਾਅ ਹੋਣ ਮਗਰੋਂ ਕੁੜੀ ਦੇ ਪਿਤਾ ਨੇ ਅਪਣੀ ਜਾਨ ਦੇ ਦਿਤੀ।
ਮਿਸ਼ਰਾ ਨੇ ਕਿਹਾ, ‘‘ਪੁਲਿਸ ਡੀ.ਜੀ.ਪੀ. ਪੱਧਰ ਦਾ ਅਧਿਕਾਰੀ ਘਟਨਾ ਦੀ ਜਾਂਚ ਕਰੇਗਾ ਅਤੇ ਤਿੰਨ ਦਿਨਾਂ ’ਚ ਰੀਪੋਰਟ ਸੌਂਪੇਗਾ। ਉਸ ਰੀਪੋਰਟ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।’’
ਮੰਤਰੀ ਨੇ ਦਸਿਆ ਕਿ ਕੁੜੀ ਦੇ ਪਿਤਾ ਦੀ ਮੌਤ ਦੇ ਮਾਮਲੇ ’ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਨਟੇਰਨ ਪੁਲਿਸ ਥਾਣੇ ਦੇ ਇੰਚਾਰਜ ਅਤੇ ਇਕ ਹੋਰ ਮੁਲਾਜ਼ਮ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ।
ਉਧਰ ਕਾਂਗਰਸ ਨੇ ਇਸ ਮਾਮਲੇ ਨੂੰ ਲੈ ਕੇ ਸ਼ਿਵਰਾਜ ਸਿੰਘ ਚੌਹਾਨੀ ਦੀ ਅਗਵਾਈ ਵਾਲੀ ਸੂਬੇ ਦੀ ਭਾਜਪਾ ਸਰਕਾਰ ’ਤੇ ਦੋਸ਼ ਲਾਇਆ ਹੈ ਕਿ ਮੱਧ ਪ੍ਰਦੇਸ਼ ’ਚ ਲੱਠਮਾਰ ਲੋਕਾਂ ਵਲੋਂ ਆਮ ਲੋਕਾਂ ’ਤੇ ਵਿਰੁਧ ਤਸ਼ੱਦਦ ਰੋਜ਼ ਦੀ ਗੱਲ ਬਣ ਗਈ ਹੈ।
ਕਾਂਗਰਸ ਪ੍ਰਧਾਨ ਕਮਲ ਨਾਥ ਨੇ ਕਿਹਾ, ‘‘ਸਰਕਾਰ ਮਾਮਲੇ ’ਤੇ ਪਰਦਾ ਪਾਉਣ ’ਤੇ ਲੱਗੀ ਹੋਈ ਹੈ। ਮੱਧ ਪ੍ਰਦੇਸ਼ ਨੂੰ ਖ਼ੁਸ਼ਹਾਲ ਬਣਾਉਣ ਲਈ ਸਾਨੂੰ ਇਹ ਸਥਿਤੀ ਬਦਲਣੀ ਹੋਵੇਗੀ, ਜਿੱਥੇ ਸਾਡੀਆਂ ਧੀਆਂ, ਦਲਿਤ, ਕਬਾਇਲੀ ਅਤੇ ਘੱਟਗਿਣਤੀਆਂ ਸੁਰਖਿਅਤ ਰਹਿ ਸਕਣ।’’