ਮਹਾਰਾਸ਼ਟਰ ਵਿਧਾਨ ਸਭਾ ਦੇ ਦੋਹਾਂ ਸਦਨਾਂ ਦੀ ਕਾਰਵਾਈ ਵੀ ਮੁਲਤਵੀ, ਭਾਰੀ ਮੀਂਹ ਕਾਰਨ ਕਈ ਮੈਂਬਰ ਅਤੇ ਅਧਿਕਾਰੀ ਵਿਧਾਨ ਭਵਨ ਨਹੀਂ ਪਹੁੰਚ ਸਕੇ
ਨਵੀਂ ਦਿੱਲੀ: ਮਾਨਸੂਨ ਨੇ ਸੋਮਵਾਰ ਨੂੰ ਦੇਸ਼ ਦੇ ਕਈ ਹਿੱਸਿਆਂ ਖਾਸ ਤੌਰ ’ਤੇ ਮੁੰਬਈ ’ਚ ਤਬਾਹੀ ਮਚਾਈ, ਜਿੱਥੇ ਸਥਾਨਕ ਰੇਲ ਸੇਵਾਵਾਂ ਅਤੇ ਉਡਾਣਾਂ ਦਾ ਸੰਚਾਲਨ ਪ੍ਰਭਾਵਤ ਹੋਇਆ ਅਤੇ ਆਮ ਜਨਜੀਵਨ ਪ੍ਰਭਾਵਤ ਹੋਇਆ। ਇਸ ਦੇ ਨਾਲ ਹੀ ਅਸਾਮ ਵੀ ਇਕ ਵਾਰ ਫਿਰ ਹੜ੍ਹਾਂ ਨਾਲ ਜੂਝ ਰਿਹਾ ਹੈ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਰਾਜਧਾਨੀ ਮੁੰਬਈ ਅਤੇ ਹੋਰ ਹਿੱਸਿਆਂ ’ਚ ਸਥਿਤੀ ਦਾ ਜਾਇਜ਼ਾ ਲੈਣ ਲਈ ਕਦਮ ਚੁੱਕੇ, ਜਦਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅਸਾਮ ਦੇ ਕਚਰ ਜ਼ਿਲ੍ਹੇ ਦੇ ਫੁਲਰਤਾਲ ’ਚ ਹੜ੍ਹ ਰਾਹਤ ਕੈਂਪ ਦਾ ਦੌਰਾ ਕੀਤਾ।
ਪਹਾੜੀ ਸੂਬਿਆਂ ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਮਾਰੂਥਲ ਰਾਜ ਰਾਜਸਥਾਨ ਨੂੰ ਵੀ ਭਾਰੀ ਬਾਰਸ਼ ਦਾ ਸਾਹਮਣਾ ਕਰਨਾ ਪਿਆ।
ਸੋਮਵਾਰ ਨੂੰ ਮੁੰਬਈ ’ਚ ਭਾਰੀ ਬਾਰਸ਼ ਨੇ ਸੜਕਾਂ ’ਤੇ ਆਵਾਜਾਈ ਦੇ ਨਾਲ-ਨਾਲ ਸਥਾਨਕ ਰੇਲ ਸੇਵਾਵਾਂ ਅਤੇ ਉਡਾਣਾਂ ਦੇ ਸੰਚਾਲਨ ਨੂੰ ਪ੍ਰਭਾਵਤ ਕੀਤਾ। ਸ਼ਹਿਰ ਦੇ ਕਈ ਨੀਵੇਂ ਇਲਾਕਿਆਂ ’ਚ ਹੜ੍ਹ ਆ ਗਿਆ, ਜਿਸ ਕਾਰਨ ਗੱਡੀਆਂ ਦੀ ਆਵਾਜਾਈ ਪ੍ਰਭਾਵਤ ਹੋਈ। ਮੁੰਬਈ, ਰਤਨਾਗਿਰੀ ਅਤੇ ਸਿੰਧੂਦੁਰਗ ਜ਼ਿਲ੍ਹਿਆਂ ਦੇ ਸਾਰੇ ਸਕੂਲ ਬੰਦ ਰਹੇ। ਮਹਾਰਾਸ਼ਟਰ ਵਿਧਾਨ ਸਭਾ ਦੇ ਦੋਹਾਂ ਸਦਨਾਂ ਦੀ ਕਾਰਵਾਈ ਮੁਲਤਵੀ ਕਰ ਦਿਤੀ ਗਈ ਕਿਉਂਕਿ ਭਾਰੀ ਮੀਂਹ ਕਾਰਨ ਕਈ ਮੈਂਬਰ ਅਤੇ ਅਧਿਕਾਰੀ ਵਿਧਾਨ ਭਵਨ ਨਹੀਂ ਪਹੁੰਚ ਸਕੇ।
ਮਹਾਰਾਸ਼ਟਰ ਦੇ ਰਾਹਤ ਅਤੇ ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਅਨਿਲ ਪਾਟਿਲ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਐਮ.ਐਲ.ਸੀ. ਅਮੋਲ ਮਿਤਕਾਰੀ ਨੂੰ ਹਾਵੜਾ-ਮੁੰਬਈ ਰੇਲ ਗੱਡੀ ਤੋਂ ਉਤਰਦੇ ਅਤੇ ਕੁੱਝ ਦੂਰੀ ਤਕ ਪਟੜੀਆਂ ’ਤੇ ਤੁਰਦੇ ਵੇਖਿਆ ਗਿਆ, ਜਿਸ ਦਾ ਇਕ ਵੀਡੀਉ ਸੋਸ਼ਲ ਮੀਡੀਆ ’ਤੇ ਸਾਹਮਣੇ ਆਇਆ ਹੈ।
ਮੁੱਖ ਮੰਤਰੀ ਸ਼ਿੰਦੇ ਨੇ ਮੰਤਰਾਲੇ ’ਚ ਇਕ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਭਾਰੀ ਮੀਂਹ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਬ੍ਰਹਿਨਮੁੰਬਈ ਨਗਰ ਨਿਗਮ (ਬੀਐਮਸੀ) ਦੇ ਕੰਟਰੋਲ ਰੂਮ ਦਾ ਦੌਰਾ ਕੀਤਾ।
ਅਧਿਕਾਰੀਆਂ ਨੇ ਦਸਿਆ ਕਿ ਮੱਧ ਰੇਲਵੇ ਦੇ ਮੁੱਖ ਕੋਰੀਡੋਰ ਦੀ ਫਾਸਟ ਲਾਈਨ ’ਤੇ ਵੱਖ-ਵੱਖ ਥਾਵਾਂ ’ਤੇ ਪਾਣੀ ਭਰ ਜਾਣ ਕਾਰਨ ਰੇਲ ਸੇਵਾਵਾਂ ਕੁੱਝ ਘੰਟਿਆਂ ਲਈ ਮੁਅੱਤਲ ਕਰ ਦਿਤੀ ਆਂ ਗਈਆਂ ਹਨ। ਬਾਅਦ ’ਚ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ।
ਮੱਧ ਰੇਲਵੇ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਲਾਜ਼ਮੀ ਨਾ ਹੋਣ ਤਕ ਯਾਤਰਾ ਕਰਨ ਤੋਂ ਪਰਹੇਜ਼ ਕਰਨ।
ਸੂਤਰਾਂ ਨੇ ਦਸਿਆ ਕਿ ਭਾਰੀ ਮੀਂਹ ਅਤੇ ਘੱਟ ਵਿਜ਼ੀਬਿਲਟੀ ਕਾਰਨ ਮੁੰਬਈ ਹਵਾਈ ਅੱਡੇ ’ਤੇ ਰਨਵੇ ਦਾ ਸੰਚਾਲਨ ਸੋਮਵਾਰ ਤੜਕੇ 2.22 ਵਜੇ ਤੋਂ ਤੜਕੇ 3.40 ਵਜੇ ਤਕ ਮੁਅੱਤਲ ਕਰ ਦਿਤਾ ਗਿਆ, ਜਦਕਿ 50 ਉਡਾਣਾਂ ਰੱਦ ਕਰ ਦਿਤੀ ਆਂ ਗਈਆਂ।
ਬ੍ਰਹਿਨਮੁੰਬਈ ਇਲੈਕਟ੍ਰਿਕ ਸਪਲਾਈ ਐਂਡ ਟਰਾਂਸਪੋਰਟ (ਬੀ.ਈ.ਐਸ.ਟੀ.) ਅੰਡਰਟੇਕਿੰਗ ਦੇ ਇਕ ਬੁਲਾਰੇ ਨੇ ਦਸਿਆ ਕਿ ਵੱਖ-ਵੱਖ ਥਾਵਾਂ ’ਤੇ ਸੜਕਾਂ ’ਤੇ ਪਾਣੀ ਭਰ ਜਾਣ ਕਾਰਨ ਸ਼ਹਿਰ ਅਤੇ ਉਪਨਗਰਾਂ ਵਿਚ ਘੱਟੋ-ਘੱਟ 40 ਰੂਟਾਂ ’ਤੇ ਚੱਲਣ ਵਾਲੀਆਂ ਬੱਸਾਂ ਦੀ ਗਿਣਤੀ ਬਦਲ ਦਿਤੀ ਗਈ ਹੈ।
ਗੁਆਂਢੀ ਠਾਣੇ ਜ਼ਿਲ੍ਹੇ ’ਚ ਪਹਾੜੀ ’ਤੇ ਜ਼ਮੀਨ ਖਿਸਕਣ ਕਾਰਨ ਲੋਕਾਂ ਨੂੰ ਚਾਰ ਘਰਾਂ ਤੋਂ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਨਾਗਰਿਕ ਅਧਿਕਾਰੀਆਂ ਨੇ ਦਸਿਆ ਕਿ 54 ਲੋਕਾਂ ਨੂੰ ਉਨ੍ਹਾਂ ਦੇ ਘਰਾਂ ’ਚ ਹੜ੍ਹ ਆਉਣ ਤੋਂ ਬਾਅਦ ਬਚਾਇਆ ਗਿਆ ਸੀ।
ਠਾਣੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਕ ਬਿਆਨ ’ਚ ਕਿਹਾ ਕਿ ਵੱਖ-ਵੱਖ ਇਲਾਕਿਆਂ ’ਚ ਘੱਟੋ-ਘੱਟ 275 ਘਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਕਰੀਬ 20 ਵਾਹਨ ਵਹਿ ਗਏ।
ਕੌਮੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ.) ਦੀਆਂ ਟੀਮਾਂ ਨੂੰ ਮੁੰਬਈ ਦੇ ਕੁਰਲਾ ਅਤੇ ਘਾਟਕੋਪਰ ਇਲਾਕਿਆਂ ਅਤੇ ਮਹਾਰਾਸ਼ਟਰ ਦੇ ਹੋਰ ਹਿੱਸਿਆਂ ’ਚ ਤਾਇਨਾਤ ਕੀਤਾ ਗਿਆ ਹੈ।
ਗੋਆ ’ਚ ਲਗਾਤਾਰ ਤੀਜੇ ਦਿਨ ਭਾਰੀ ਬਾਰਸ਼ ਹੋਈ, ਜਿਸ ਕਾਰਨ ਤੱਟਵਰਤੀ ਸੂਬੇ ਦੇ ਕਈ ਨੀਵੇਂ ਇਲਾਕੇ ਪਾਣੀ ’ਚ ਡੁੱਬ ਗਏ।
ਇਸ ਦੌਰਾਨ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਹੜ੍ਹ ਪ੍ਰਭਾਵਤ ਅਸਾਮ ਦਾ ਦੌਰਾ ਕੀਤਾ ਅਤੇ ਕਿਹਾ ਕਿ ਉਹ ਸੂਬੇ ਦੇ ਲੋਕਾਂ ਦੇ ਨਾਲ ਖੜ੍ਹੇ ਹਨ ਅਤੇ ਸੰਸਦ ’ਚ ਉਨ੍ਹਾਂ ਦੇ ਸਿਪਾਹੀ ਹਨ। ਉਨ੍ਹਾਂ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਸੂਬੇ ਨੂੰ ਤੁਰਤ ਹਰ ਸੰਭਵ ਸਹਾਇਤਾ ਪ੍ਰਦਾਨ ਕਰੇ।
ਅਸਾਮ ਦੇ ਕਚਰ ਜ਼ਿਲ੍ਹੇ ਦੇ ਫੁਲਰਤਾਲ ’ਚ ਹੜ੍ਹ ਰਾਹਤ ਕੈਂਪ ਦਾ ਦੌਰਾ ਕਰਨ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ, ‘‘ਮੈਂ ਅਸਾਮ ਦੇ ਲੋਕਾਂ ਦੇ ਨਾਲ ਹਾਂ, ਮੈਂ ਸੰਸਦ ’ਚ ਉਨ੍ਹਾਂ ਦਾ ਸਿਪਾਹੀ ਹਾਂ ਅਤੇ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਸੂਬੇ ਨੂੰ ਤੁਰਤ ਹਰ ਸੰਭਵ ਮਦਦ ਮੁਹੱਈਆ ਕਰਵਾਏ।’’
ਉਨ੍ਹਾਂ ਕਿਹਾ ਕਿ ਅਸਾਮ ਕਾਂਗਰਸ ਦੇ ਨੇਤਾਵਾਂ ਨੇ ਉਨ੍ਹਾਂ ਨੂੰ ਜ਼ਮੀਨੀ ਸਥਿਤੀ ਤੋਂ ਜਾਣੂ ਕਰਵਾਇਆ ਹੈ- 24 ਲੱਖ ਤੋਂ ਵੱਧ ਲੋਕ ਹੜ੍ਹਾਂ ਨਾਲ ਪ੍ਰਭਾਵਤ ਹੋਏ ਹਨ, 53,000 ਤੋਂ ਵੱਧ ਲੋਕ ਬੇਘਰ ਹੋਏ ਹਨ ਅਤੇ 60 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।
ਇਕ ਅਧਿਕਾਰੀ ਨੇ ਦਸਿਆ ਕਿ ਕਾਜ਼ੀਰੰਗਾ ਨੈਸ਼ਨਲ ਪਾਰਕ ’ਚ ਹੁਣ ਤਕ ਘੱਟੋ-ਘੱਟ 131 ਜੰਗਲੀ ਜਾਨਵਰਾਂ ਦੀ ਮੌਤ ਹੋ ਚੁਕੀ ਹੈ ਜਦਕਿ 96 ਹੋਰ ਨੂੰ ਬਚਾਇਆ ਗਿਆ ਹੈ।
ਪਾਰਕ ਹਾਲ ਹੀ ਦੇ ਸਾਲਾਂ ’ਚ ਅਪਣੇ ਸੱਭ ਤੋਂ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ, ਪਹਿਲੀ ਵੱਡੀ ਤਬਾਹੀ 2017 ’ਚ ਹੋਈ ਸੀ, ਜਦੋਂ ਜਾਨਵਰਾਂ ਦੇ ਗਲਿਆਰਿਆਂ ਤੋਂ ਉੱਚੇ ਇਲਾਕਿਆਂ ’ਚ ਪ੍ਰਵਾਸ ਕਰਨ ਵਾਲੇ 350 ਤੋਂ ਵੱਧ ਜੰਗਲੀ ਜੀਵ ਹੜ੍ਹ ਦੇ ਪਾਣੀ ’ਚ ਮਾਰੇ ਗਏ ਸਨ ਅਤੇ ਗੱਡੀਆਂ ਦੀ ਲਪੇਟ ’ਚ ਆ ਗਏ ਸਨ।
ਅਧਿਕਾਰੀਆਂ ਨੇ ਦਸਿਆ ਕਿ ਗੁਆਂਢੀ ਸੂਬੇ ਅਰੁਣਾਚਲ ਪ੍ਰਦੇਸ਼ ’ਚ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਕਈ ਜ਼ਿਲ੍ਹਿਆਂ ’ਚ ਸੜਕ ਸੰਪਰਕ ਪ੍ਰਭਾਵਤ ਹੋਇਆ ਹੈ।
ਉਤਰਾਖੰਡ ਦੇ ਕਈ ਹਿੱਸਿਆਂ ’ਚ ਸੋਮਵਾਰ ਨੂੰ ਲਗਾਤਾਰ ਮੀਂਹ ਪੈਣ ਕਾਰਨ ਕੁਮਾਉਂ ਖੇਤਰ ’ਚ ਨਦੀਆਂ ’ਚ ਪਾਣੀ ਭਰ ਗਿਆ, ਸੈਂਕੜੇ ਪੇਂਡੂ ਸੜਕਾਂ ਬੰਦ ਹੋ ਗਈਆਂ ਅਤੇ ਚੰਪਾਵਤ ਅਤੇ ਊਧਮ ਸਿੰਘ ਨਗਰ ਜ਼ਿਲ੍ਹਿਆਂ ਦੇ ਕਈ ਪਿੰਡਾਂ ’ਚ ਭਾਰੀ ਪਾਣੀ ਭਰ ਗਿਆ।
ਗੜ੍ਹਵਾਲ ਦੇ ਵਧੀਕ ਕਮਿਸ਼ਨਰ ਨਰਿੰਦਰ ਸਿੰਘ ਕੁਇਰਿਆਲ ਨੇ ਦਸਿਆ ਕਿ ਗੜ੍ਹਵਾਲ ਖੇਤਰ ’ਚ ਮੌਸਮ ’ਚ ਸੁਧਾਰ ਤੋਂ ਬਾਅਦ ਸੋਮਵਾਰ ਨੂੰ ਚਾਰਧਾਮ ਯਾਤਰਾ ਮੁੜ ਸ਼ੁਰੂ ਹੋ ਗਈ। ਉਨ੍ਹਾਂ ਦਸਿਆ ਕਿ ਮੌਸਮ ਵਿਭਾਗ ਵਲੋਂ ਭਾਰੀ ਮੀਂਹ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਯਾਤਰਾ ਨੂੰ ਇਕ ਦਿਨ ਲਈ ਮੁਲਤਵੀ ਕਰ ਦਿਤਾ ਗਿਆ ਹੈ।
ਦੇਹਰਾਦੂਨ ਸਥਿਤ ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਨੇ ਕਿਹਾ ਕਿ ਪਿਥੌਰਾਗੜ੍ਹ ’ਚ 125.50 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ, ਜਿੱਥੇ ਕਾਲੀ, ਗੋਰੀ ਅਤੇ ਸਰਯੂ ਨਦੀਆਂ ਖਤਰੇ ਦੇ ਨਿਸ਼ਾਨ ਦੇ ਨੇੜੇ ਵਹਿ ਰਹੀਆਂ ਹਨ। ਜ਼ਮੀਨ ਖਿਸਕਣ ਦੇ ਮਲਬੇ ਕਾਰਨ ਰਾਜ ਭਰ ’ਚ 200 ਤੋਂ ਵੱਧ ਪੇਂਡੂ ਸੜਕਾਂ ਬੰਦ ਹੋ ਗਈਆਂ ਹਨ।
ਚੰਪਾਵਤ ਜ਼ਿਲ੍ਹੇ ਦੇ ਪੂਰਨਗਿਰੀ ਡਿਵੀਜ਼ਨ ਤੋਂ ਇਲਾਵਾ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਖਟੀਮਾ ਅਤੇ ਸਿਤਾਰਗੰਜ ’ਚ ਭਾਰੀ ਪਾਣੀ ਭਰ ਜਾਣ ਕਾਰਨ ਪੁਲਿਸ, ਕੌਮੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ.) ਅਤੇ ਰਾਜ ਆਫ਼ਤ ਪ੍ਰਤੀਕਿਰਿਆ ਬਲ (ਐਸ.ਡੀ.ਆਰ.ਐਫ.) ਦੇ ਜਵਾਨਾਂ ਨੂੰ ਲਗਭਗ 200 ਪਰਵਾਰਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣਾ ਪਿਆ।
ਉਤਰਾਖੰਡ ’ਚ ਡੈਮਾਂ ਤੋਂ ਭਾਰੀ ਪਾਣੀ ਛੱਡੇ ਜਾਣ ਅਤੇ ਨਦੀ ਦੇ ਕੈਚਮੈਂਟ ਖੇਤਰਾਂ ’ਚ ਭਾਰੀ ਮੀਂਹ ਕਾਰਨ ਤਰਾਈ ਖੇਤਰ ਦੇ ਕਈ ਜ਼ਿਲ੍ਹਿਆਂ ਅਤੇ ਉੱਤਰ ਪ੍ਰਦੇਸ਼ ਦੇ ਮੈਦਾਨੀ ਇਲਾਕਿਆਂ ’ਚ ਭਿਆਨਕ ਹੜ੍ਹ ਆ ਗਿਆ ਹੈ।
ਪੀਲੀਭੀਤ, ਲਖੀਮਪੁਰ, ਕੁਸ਼ੀਨਗਰ, ਬਲਰਾਮਪੁਰ, ਸ਼ਰਾਵਸਤੀ ਅਤੇ ਗੋਂਡਾ ਜ਼ਿਲ੍ਹਿਆਂ ਦੇ ਕਈ ਪਿੰਡ ਨਦੀ ਦੇ ਕੈਚਮੈਂਟ ਖੇਤਰਾਂ ’ਚ ਭਾਰੀ ਬਾਰਸ਼ ਅਤੇ ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ ਹੜ੍ਹਾਂ ਨਾਲ ਪ੍ਰਭਾਵਤ ਹੋਏ ਹਨ।
ਕੌਮੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ.) ਦੀਆਂ ਟੀਮਾਂ 32 ਕਿਸ਼ਤੀਆਂ ਦੀ ਮਦਦ ਨਾਲ ਪ੍ਰਭਾਵਤ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਲਈ ਰਾਹਤ ਕਾਰਜਾਂ ’ਚ ਲੱਗੀਆਂ ਹੋਈਆਂ ਹਨ।
ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ’ਚ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਅਧਿਕਾਰੀਆਂ ਨੂੰ ਕੌਮੀ ਰਾਜਮਾਰਗ ਸਮੇਤ 70 ਤੋਂ ਵੱਧ ਸੜਕਾਂ ਬੰਦ ਕਰਨ ਲਈ ਮਜਬੂਰ ਹੋਣਾ ਪਿਆ। ਰਾਜਸਥਾਨ ਦੇ ਕਈ ਹਿੱਸਿਆਂ ’ਚ ਭਾਰੀ ਬਾਰਸ਼ ਹੋਈ ਅਤੇ ਦੌਸਾ ਜ਼ਿਲ੍ਹੇ ਦੇ ਬਾਂਦੀਕੁਈ ’ਚ ਪਿਛਲੇ 24 ਘੰਟਿਆਂ ’ਚ ਸੱਭ ਤੋਂ ਵੱਧ ਬਾਰਸ਼ ਦਰਜ ਕੀਤੀ ਗਈ।