
ਕੋਈ ਵੀ ਲਾਲ ਕਿਲ੍ਹੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਵੀ ਨਹੀਂ ਕਰ ਸਕਦਾ
ਨਵੀਂ ਦਿੱਲੀ - 15 ਅਗਸਤ ਨੂੰ ਸੁਤੰਤਰਤਾ ਦਿਵਸ ਨੂੰ ਦੇਖਦੇ ਹੋਏ ਉੱਤੇ ਬਾਰੀ ਸੁਰੱਖਿਆ ਦਾ ਇੰਤਜਾਮ ਕੀਤਾ ਜਾ ਰਿਹਾ ਹੈ ਤੇ ਇਸ ਮੌਕੇ ਕੋਈ ਵੀ ਲਾਲ ਕਿਲ੍ਹੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਵੀ ਨਹੀਂ ਕਰ ਸਕਦਾ । ਦਰਅਸਲ ਦਿੱਲੀ ਪੁਲਿਸ ਨੇ ਲਾਲ ਕਿਲ੍ਹੇ ਦੇ ਗੇਟ ਦੇ ਸਾਹਮਣੇ ਕੰਟੇਨਰਾਂ ਦੀ ਇੱਕ ਉੱਚੀ ਕੰਧ ਲਗਾ ਦਿੱਤੀ ਹੈ। ਕੰਟੇਨਰਾਂ ਦੀ ਇਸ ਕੰਧ ਦੇ ਕਾਰਨ, ਨਾ ਤਾਂ ਕੋਈ ਲਾਲ ਕਿਲ੍ਹੇ ਦੇ ਅੰਦਰ ਦਾਖਲ ਹੋ ਸਕੇਗਾ ਅਤੇ ਨਾ ਹੀ ਕੋਈ ਅੰਦਰ ਝਾਤੀ ਮਾਰ ਸਕੇਗਾ। 15 ਅਗਸਤ ਨੂੰ ਸੁਰੱਖਿਆ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਹੈ ਅਤੇ ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਦਿੱਲੀ ਪੁਲਿਸ ਨੇ ਵੱਡੇ ਕੰਟੇਨਰਾਂ ਦੀ ਕੰਧ ਖੜ੍ਹੀ ਕਰ ਦਿੱਤੀ ਹੈ।
ਲਾਲ ਕਿਲ੍ਹੇ ਦੇ ਸਾਹਮਣੇ ਦਿੱਲੀ ਪੁਲਿਸ ਨੇ ਜਿਹੜੀ ਵੱਡੀ ਕੰਟੇਨਰਾਂ ਦੀ ਦੀਵਾਰ ਖੜ੍ਹੀ ਕੀਤੀ ਹੈ, ਉਸ ਨੂੰ ਸੁਤੰਤਰਤਾ ਦਿਵਸ ਤੋਂ ਪਹਿਲਾਂ ਸਜਾਇਆ ਜਾਵੇਗਾ। ਜਾਣਕਾਰੀ ਅਨੁਸਾਰ ਸੁਤੰਤਰਤਾ ਦਿਵਸ ਨਾਲ ਜੁੜੇ ਵਿਸ਼ਿਆ ‘ਤੇ ਕੰਟੇਨਰਾਂ ਦੀ ਦੀਵਾਰ ਉੱਤੇ ਪੇਟਿੰਗ ਕੀਤੀ ਜਾਵੇਗੀ। ਦੱਸ ਦਈਏ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨ ਅੰਦੋਲਨ ਦੀ ਆੜ ਵਿਚ ਬਹੁਤ ਸਾਰੇ ਸਮਾਜ ਵਿਰੋਧੀ ਅਨਸਰ ਲਾਲ ਕਿਲ੍ਹੇ ਵਿਚ ਦਾਖਲ ਹੋਏ ਸਨ ਅਤੇ ਉਹਨਾਂ ਦੀ ਪੁਲਿਸ ਨਾਲ ਵੀ ਕਾਫੀ ਝੜਪ ਹੋਈ ਸੀ। ਇਸ ਮੌਕੇ ਲਾਲ ਕਿਲ੍ਹੇ ‘ਤੇ ਕੇਸਰੀ ਝੰਡਾ ਵੀ ਲਹਿਰਾਇਆ ਗਿਆ ਸੀ।
ਇਸ ਦੇ ਨਾਲ ਹੀ ਹਾਲ ਹੀ ਵਿਚ ਲਾਲ ਕਿਲ੍ਹੇ ‘ਤੇ ਇੱਕ ਡਰੋਨ ਵੀ ਉੱਡਦਾ ਵੇਖਿਆ ਗਿਆ ਸੀ। ਡਰੋਨ ਨੂੰ ਦੇਖਣ ‘ਤੇ ਦਿੱਲੀ ਪੁਲਿਸ' ਚ ਹਲਚਲ ਮਚ ਗਈ ਸੀ। ਤੁਰੰਤ ਕਾਰਵਾਈ ਕਰਦੇ ਹੋਏ ਦਿੱਲੀ ਪੁਲਿਸ ਨੇ ਡਰੋਨ ਨੂੰ ਜ਼ਬਤ ਕਰ ਲਿਆ। ਪੁਲਿਸ ਅਨੁਸਾਰ, 1 ਅਗਸਤ ਨੂੰ ਲਾਲ ਕਿਲ੍ਹੇ ਦੇ ਪਿੱਛੇ ਵਾਲੀ ਸੜਕ ‘ਤੇ ਵੈਬ ਸੀਰੀਜ਼ ਦੀ ਸ਼ੂਟਿੰਗ ਚੱਲ ਰਹੀ ਸੀ, ਜਿਸ ਦੌਰਾਨ ਡਰੋਨਾਂ ਦੀ ਵਰਤੋਂ ਕੀਤੀ ਗਈ ਸੀ। ਉਸ ਡਰੋਨ ਨੂੰ ਲਾਲ ਕਿਲ੍ਹੇ ਦੇ ਉੱਤੋਂ ਦੀ ਲਜਾਇਆ ਗਿਆ ਸੀ। ਜਿਉਂ ਹੀ ਦਿੱਲੀ ਪੁਲਿਸ ਦੇ ਸਟਾਫ ਨੇ ਡਰੋਨ ਨੂੰ ਵੇਖਿਆ, ਉੱਥੇ ਹਲਚਲ ਮਚ ਗਈ ਸੀ ਤੇ ਉਸ ਨੂੰ ਜ਼ਬਤ ਵੀ ਕਰ ਲਿਆ ਗਿਆ ਸੀ।