
ਕਤਲ ਦੇ ਕਾਰਨਾਂ ਦੀ ਫ਼ਿਲਹਾਲ ਜਾਣਕਾਰੀ ਨਹੀਂ
ਗੋਂਡਾ: ਜ਼ਿਲ੍ਹੇ ਦੇ ਇੱਕ ਗ਼ੈਰ-ਰਜਿਸਟਰਡ ਡਾਕਟਰ ਦਾ ਉਸ ਦੇ ਕਲੀਨਿਕ ਵਿੱਚ ਹੀ ਗਲ਼ ਵੱਢ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਅਨੁਸਾਰ ਇਹ ਘਟਨਾ ਵੀਰਵਾਰ 7 ਸਤੰਬਰ ਨੂੰ ਵਾਪਰੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੇ ਸਹੁਰੇ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਲਈ ਪੁਲੀਸ ਦੀਆਂ ਤਿੰਨ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ।
ਤਰਾਬਗੰਜ ਦੇ ਉਪ-ਪੁਲਿਸ ਕਪਤਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਹਿਰਾਇਚ ਜ਼ਿਲ੍ਹੇ ਦੇ ਜਰਵਲ ਰੋਡ ਥਾਣਾ ਖੇਤਰ ਦਾ ਮੂਲ ਨਿਵਾਸੀ ਰਾਜੇਸ਼ ਚੌਹਾਨ (32) ਨਵਾਬਗੰਜ ਪੁਲਿਸ ਅਧੀਨ ਪੈਂਦੇ ਜੈਤਪੁਰ ਮਾਝਾ ਪਿੰਡ ਦੇ ਚੌਹਾਨ ਪੁਰਵਾ ਵਿਖੇ ਆਪਣੇ ਸਹੁਰੇ ਘਰ ਰਹਿੰਦਾ ਸੀ, ਜੋ ਕਿ ਰੋਜ਼ੀ-ਰੋਟੀ ਲਈ ਅਣ-ਰਜਿਸਟਰਡ ਡਾਕਟਰ ਵਜੋਂ ਲੋਕਾਂ ਦਾ ਇਲਾਜ ਕਰਦਾ ਸੀ।
ਬੁੱਧਵਾਰ ਰਾਤ ਉਹ ਆਪਣੇ ਘਰ ਤੋਂ ਕੁਝ ਦੂਰੀ 'ਤੇ ਸਥਿਤ ਕਲੀਨਿਕ ਦੇ ਬਾਹਰ ਸੁੱਤਾ ਪਿਆ ਸੀ, ਜਦੋਂ ਦੇਰ ਰਾਤ ਇੱਕ ਵਜੇ ਦੇ ਲਗਭਗ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਉਸ ਦੀਆਂ ਚੀਕਾਂ ਸੁਣ ਕੇ ਜਦੋਂ ਮਕਾਨ ਮਾਲਕ ਔਰਤ (ਜਿਸ ਇਮਾਰਤ ਵਿੱਚ ਕਲੀਨਿਕ ਹੈ) ਗੁੜੀਆ ਬਾਹਰ ਆਈ ਤਾਂ ਹਮਲਾਵਰ ਰਾਜੇਸ਼ ਦਾ ਗਲ਼ਾ ਵੱਢ ਕੇ ਫ਼ਰਾਰ ਹੋ ਗਏ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ, ਅਤੇ ਮਾਮਲੇ ਦੀ ਅਗਲੀ ਕਾਰਵਾਈ ਜਾਰੀ ਹੈ।