ਕਿਹਾ - ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਨੂੰ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਅਤੇ ਖੇਤਰ ਨੂੰ ਖੁਸ਼ਹਾਲ ਬਣਾਉਣ ਲਈ ਹਟਾਇਆ ਗਿਆ ਸੀ
Rajnath Singh : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਪਾਕਿਸਤਾਨ ਜੰਮੂ-ਕਸ਼ਮੀਰ ’ਚ ਅਤਿਵਾਦ ਬੰਦ ਕਰਦਾ ਹੈ ਤਾਂ ਭਾਰਤ ਉਸ ਨਾਲ ਗੱਲਬਾਤ ਸ਼ੁਰੂ ਕਰਨ ਲਈ ਤਿਆਰ ਹੈ।
ਰਾਮਬਨ ਜ਼ਿਲ੍ਹੇ ਦੇ ਬਨਿਹਾਲ ਵਿਧਾਨ ਸਭਾ ਹਲਕੇ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਉਮੀਦਵਾਰ ਮੁਹੰਮਦ ਸਲੀਮ ਭੱਟ ਦੇ ਸਮਰਥਨ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਨੂੰ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਅਤੇ ਖੇਤਰ ਨੂੰ ਖੁਸ਼ਹਾਲ ਬਣਾਉਣ ਲਈ ਹਟਾਇਆ ਗਿਆ ਸੀ।
ਰੈਲੀ ’ਚ ਰਾਜਨਾਥ ਸਿੰਘ ਨੇ ਕਿਹਾ, ‘‘ਪਾਕਿਸਤਾਨ ਨੂੰ ਅਤਿਵਾਦ ਦਾ ਸਮਰਥਨ ਕਰਨਾ ਬੰਦ ਕਰਨਾ ਚਾਹੀਦਾ ਹੈ। ਗੁਆਂਢੀ ਦੇਸ਼ਾਂ ਨਾਲ ਸਬੰਧ ਕੌਣ ਨਹੀਂ ਸੁਧਾਰਨਾ ਚਾਹੇਗਾ? ਕਿਉਂਕਿ ਮੈਂ ਅਸਲੀਅਤ ਜਾਣਦਾ ਹਾਂ ਕਿ ਤੁਸੀਂ ਅਪਣੇ ਦੋਸਤ ਬਦਲ ਸਕਦੇ ਹੋ, ਪਰ ਅਪਣੇ ਗੁਆਂਢੀ ਨੂੰ ਨਹੀਂ। ਅਸੀਂ ਪਾਕਿਸਤਾਨ ਨਾਲ ਬਿਹਤਰ ਸਬੰਧ ਚਾਹੁੰਦੇ ਹਾਂ ਪਰ ਪਹਿਲਾਂ ਉਨ੍ਹਾਂ ਨੂੰ ਅਤਿਵਾਦ ਨੂੰ ਰੋਕਣਾ ਹੋਵੇਗਾ।’’
ਰੱਖਿਆ ਮੰਤਰੀ ਨੇ ਕਿਹਾ ਕਿ ਜਦੋਂ ਪਾਕਿਸਤਾਨ ਜੰਮੂ-ਕਸ਼ਮੀਰ ’ਚ ਅਤਿਵਾਦ ਨੂੰ ਸਪਾਂਸਰ ਕਰਨਾ ਬੰਦ ਕਰ ਦੇਵੇਗਾ ਤਾਂ ਭਾਰਤ ਉਸ ਨਾਲ ਗੱਲਬਾਤ ਸ਼ੁਰੂ ਕਰੇਗਾ।
ਉਨ੍ਹਾਂ ਕਿਹਾ, ‘‘ਜੰਮੂ-ਕਸ਼ਮੀਰ ’ਚ ਅਤਿਵਾਦ ਨਾਲ ਪ੍ਰਭਾਵਤ 85 ਫੀ ਸਦੀ ਲੋਕ ਮੁਸਲਮਾਨ ਸਨ। ਕਸ਼ਮੀਰ ’ਚ ਅਤਿਵਾਦੀ ਘਟਨਾਵਾਂ ਆਮ ਸਨ। ਕੀ ਅਤਿਵਾਦੀ ਘਟਨਾਵਾਂ ’ਚ ਹਿੰਦੂ ਮਾਰੇ ਜਾ ਰਹੇ ਸਨ? ਮੈਂ ਗ੍ਰਹਿ ਮੰਤਰੀ ਰਿਹਾ ਹਾਂ ਅਤੇ ਮੈਂ ਜਾਣਦਾ ਹਾਂ ਕਿ ਅਤਿਵਾਦੀ ਘਟਨਾਵਾਂ ’ਚ ਸੱਭ ਤੋਂ ਵੱਧ ਮੁਸਲਮਾਨ ਮਾਰੇ ਗਏ।’’
ਇਸ ਤੋਂ ਪਹਿਲਾਂ ਭਾਜਪਾ ਉਮੀਦਵਾਰ ਰਾਕੇਸ਼ ਸਿੰਘ ਠਾਕੁਰ ਦੇ ਸਮਰਥਨ ’ਚ ਗੁਆਂਢੀ ਰਾਮਬਨ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ’ਚ ਅਤਿਵਾਦੀ ਘਟਨਾਵਾਂ ’ਚ 40,000 ਤੋਂ ਵੱਧ ਲੋਕਾਂ ਦੀ ਜਾਨ ਗਈ ਹੈ।
ਭਾਜਪਾ ਦੇ ਭੱਟ ਦਾ ਮੁਕਾਬਲਾ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਵਿਕਰਮ ਰਸੂਲ ਵਾਨੀ ਨਾਲ ਹੈ, ਜੋ ਬਨਿਹਾਲ ਸੀਟ ਤੋਂ ਜਿੱਤ ਦੀ ਹੈਟ੍ਰਿਕ ਦੀ ਕੋਸ਼ਿਸ਼ ਕਰ ਰਹੇ ਹਨ। ਭੱਟ ਨੂੰ ਨੈਸ਼ਨਲ ਕਾਨਫਰੰਸ ਦੇ ਸੱਜਾਦ ਸ਼ਾਹੀਨ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੇ ਇਮਤਿਆਜ਼ ਸ਼ਾਨ ਨਾਲ ਵੀ ਸਖਤ ਮੁਕਾਬਲਾ ਹੋਵੇਗਾ।