
ਅਕਾਲੀ ਭਾਜਪਾ ਗਠਜੋੜ ਟੁੱਟਣ ਪਿਛੋਂ ਅਕਾਲੀ ਦਲ ਬਾਦਲ ਖੇਤਰੀ ਪਾਰਟੀਆਂ ਨਾਲ ਗਠਜੋੜ ਕਾਇਮ ਕਰਨ ਲਈ ਤਰਲੋਮੱਛੀ ਹੋ ਰਿਹਾ
ਨਵੀਂ ਦਿੱਲੀ (ਅਮਨਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਕਿਹਾ ਹੈ ਕਿ ਜੇ ਸ਼੍ਰੋਮਣੀ ਕਮੇਟੀ ਚੋਣਾਂ ਪੂਰੀ ਨਿਰਪੱਖਤਾ, ਬਿਨਾਂ ਖ਼ਰੀਦੋ ਫ਼ਰੋਖ਼ਤ ਅਤੇ ਅਸਲ ਸਿੱਖ ਵੋਟਰਾਂ ਦੀਆਂ ਵੋਟਾਂ ਨਾਲ ਹੋਣਗੀਆਂ, ਤਾਂ ਸ਼੍ਰੋਮਣੀ ਕਮੇਟੀ ਸਣੇ ਸਿੱਖ ਅਦਾਰਿਆਂ ਤੋਂ ਬਾਦਲਾਂ ਦਾ ਗ਼ਲਬਾ ਖ਼ਤਮ ਹੋ ਜਾਵੇਗਾ।
SGPC
ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਸੰਘੀ ਢਾਂਚੇ ਦੀ ਮਜ਼ਬੂਤੀ ਲਈ ਕਮੇਟੀ ਕਾਇਮ ਕਰਨ ਦਾ ਐਲਾਨ ਸਿਰਫ਼ ਧੋਖਾ ਹੈ ਕਿਉਂਕਿ 1996 ਦੀ ਮੋਗਾ ਕਾਨਫ਼ਰੰਸ ਵਿਚ ਹੀ ਬਾਦਲ ਦਲ ਨੇ ਅਕਾਲੀ ਦਲ ਦੇ ਅਸਲ ਟੀਚਿਆਂ, (ਜਿਨ੍ਹਾਂ ਵਿਚ ਸੂਬਿਆਂ ਦੇ ਵੱਧ ਅਧਿਕਾਰਾਂ ਦਾ ਟੀਚਾ ਵੀ ਸੀ), ਨੂੰ ਤਿਲਾਂਜਲੀ ਦੇ ਦਿਤੀ ਸੀ। ਹੁਣ ਅਪਣਾ ਖੁਸਿਆ ਆਧਾਰ ਵੇਖ ਕੇ ਬਾਦਲਾਂ ਨੂੰ ਮੁੜ ਸੂਬਿਆਂ ਦੇ ਵੱਧ ਹੱਕਾਂ ਦਾ ਚੇਤਾ ਆ ਗਿਆ ਹੈ।
Sukhbir Singh Badal with Parkash Singh Badal
ਉਨ੍ਹਾਂ ਕਿਹਾ ਅਕਾਲੀ ਭਾਜਪਾ ਗਠਜੋੜ ਟੁੱਟਣ ਪਿਛੋਂ ਅਕਾਲੀ ਦਲ ਬਾਦਲ ਖੇਤਰੀ ਪਾਰਟੀਆਂ ਨਾਲ ਗਠਜੋੜ ਕਾਇਮ ਕਰਨ ਲਈ ਤਰਲੋਮੱਛੀ ਹੋ ਰਿਹਾ ਹੈ। ਇਸ ਲਈ ਬਲਵਿੰਦਰ ਸਿੰਘ ਭੂੰਦੜ, ਸਾਬਕਾ ਐਮ ਪੀ ਪ੍ਰੇਮ ਸਿੰਘ ਚੰਦੂਮਾਜਰਾ, ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ ਦੀ ਕਮੇਟੀ ਕਾਇਮ ਕੀਤੀ ਗਈ ਹੈ ਜੋ ਕਿਸਾਨੀ ਮੁੱਦਿਆਂ 'ਤੇ ਖੇਤਰੀ ਪਾਰਟੀਆਂ ਦੀ ਹਮਾਇਤ ਲਏਗੀ। ਇਹ ਕਮੇਟੀ ਇਕ ਸਿਆਸੀ ਡਰਾਮਾ ਹੈ, ਉਸ ਤੋਂ ਵੱਧ ਕੁੱਝ ਨਹੀਂ।