
ਦੱਖਣੀ ਅਫ਼ਰੀਕਾ ਤੋਂ ਸੇਬਾਂ ਦੀਆਂ ਪੇਟੀਆਂ 'ਚ ਲੁਕੋ ਕੇ ਲਿਆਂਦੀ ਜਾ ਰਹੀ ਸੀ ਭਾਰਤ
ਮੁੰਬਈ : ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀਆਰਆਈ) ਵਲੋਂ ਅੱਜ 502 ਕਰੋੜ ਰੁਪਏ ਤੋਂ ਵੱਧ ਦੀ ਕੋਕੀਨ ਜ਼ਬਤ ਕੀਤੀ ਹੈ ਜੋ ਦੱਖਣੀ ਅਫ਼ਰੀਕਾ ਤੋਂ ਆਯਾਤ ਕੀਤੀ ਜਾ ਰਹੀ ਸੀ। ਡੀ.ਆਰ.ਆਈ. ਮੁੰਬਈ ਜ਼ੋਨਲ ਯੂਨਿਟ ਵਲੋਂ ਖਾਸ ਖੁਫੀਆ ਜਾਣਕਾਰੀ ਦੇ ਆਧਾਰ 'ਤੇ, ਦੱਖਣੀ ਅਫ਼ਰੀਕਾ ਤੋਂ ਆਯਾਤ ਕੀਤੇ ਜਾ ਰਹੇ ਨਾਸ਼ਪਾਤੀ ਅਤੇ ਹਰੇ ਸੇਬਾਂ ਨਾਲ ਭਰੇ ਇੱਕ ਕੰਟੇਨਰ ਨੂੰ 6 ਅਕਤੂਬਰ 2022 ਨੂੰ ਨਹਾਵਾ ਸ਼ੇਵਾ ਬੰਦਰਗਾਹ 'ਤੇ ਰੋਕਿਆ ਗਿਆ ਸੀ।
ਜਾਂਚ ਕਰਨ 'ਤੇ ਇਹ ਖੁਲਾਸਾ ਹੋਇਆ ਕਿ ਸੇਬਾਂ ਦੀਆਂ ਪੇਟੀਆਂ ਵਿਚ ਵੱਡੀ ਗਿਣਤੀ ਵਿੱਚ ਇੱਟਾਂ ਦੀ ਸੂਰਤ ਵਿਚ ਕੋਈ ਪਦਾਰਥ ਲੁਕਾਇਆ ਹੋਇਆ ਹੈ ਜੋ ਕਿ ਉੱਚ-ਗੁਣਵੱਤਾ ਵਾਲੀ ਕੋਕੀਨ ਸੀ ਅਤੇ ਹਰੇਕ ਇੱਟ ਦਾ ਭਾਰ ਲਗਭਗ 1 ਕਿਲੋਗ੍ਰਾਮ ਹੈ। ਜਾਂਚ ਦੌਰਾਨ 50.23 ਕਿਲੋ ਵਜ਼ਨ ਦੀਆਂ ਕੁੱਲ 50 ਇੱਟਾਂ ਬਰਾਮਦ ਕੀਤੀਆਂ ਗਈਆਂ ਜਿਨ੍ਹਾਂ ਦੀ ਕੀਮਤ 502 ਕਰੋੜ ਰੁਪਏ ਹੈ।
ਇਹ ਕੋਕੀਨ ਉਸੇ ਦਰਾਮਦਕਾਰ ਦੇ ਨਾਮ 'ਤੇ ਆਯਾਤ ਕੀਤੀ ਜਾ ਰਹੀ ਸੀ ਜਿਸ ਨੂੰ ਪਹਿਲਾਂ ਡੀਆਰਆਈ ਨੇ ਵਾਸ਼ੀ ਵਿੱਚ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ, ਜਿਸ ਵਿੱਚ ਦੱਖਣੀ ਅਫਰੀਕਾ ਤੋਂ ਆਏ ਸੰਤਰਿਆਂ ਦੀ ਖੇਪ ਵਿੱਚੋਂ 198 ਕਿਲੋ ਮੈਥ ਅਤੇ 9 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਗਈ ਸੀ। ਇਹ ਹਾਲ ਹੀ ਵਿੱਚ ਸਮੁੰਦਰੀ ਕੰਟੇਨਰਾਂ ਰਾਹੀਂ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਕੋਕੀਨ ਦੀ ਸਭ ਤੋਂ ਵੱਡੀ ਜ਼ਬਤ ਕੀਤੀ ਗਈ ਖੇਪ ਵਿਚੋਂ ਇੱਕ ਹੈ। ਉਕਤ ਤਸਕਰ ਨੂੰ ਐਨਡੀਪੀਐਸ ਐਕਟ, 1985 ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।