
NCB ਅਤੇ ਸਮੁੰਦਰੀ ਫ਼ੌਜ ਨੇ ਸਾਂਝੀ ਮੁਹਿੰਮ ਦੌਰਾਨ ਜ਼ਬਤ ਕੀਤੀ 200 ਕਿਲੋ ਤੋਂ ਵੱਧ ਹੈਰੋਇਨ
6 ਇਰਾਨੀ ਨਾਗਰਿਕ ਵੀ ਕੀਤੇ ਗ੍ਰਿਫ਼ਤਾਰ
ਕੇਰਲ: ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਅਤੇ ਨੇਵੀ ਨੇ ਕੇਰਲ ਵਿੱਚ 200 ਕਿਲੋ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਹੈ। ਇਹ ਨਸ਼ੀਲੇ ਪਦਾਰਥ ਇਕ ਈਰਾਨੀ ਜਹਾਜ਼ ਤੋਂ ਮਿਲੇ ਹਨ, ਜੋ ਅਫ਼ਗ਼ਾਨਿਸਤਾਨ ਤੋਂ ਭਾਰਤ ਲਿਆਂਦਾ ਗਿਆ ਸੀ। ਇਸ ਦਾ ਕੁਝ ਹਿੱਸਾ ਸ੍ਰੀਲੰਕਾ ਨੂੰ ਵੀ ਭੇਜਿਆ ਜਾਣਾ ਸੀ। ਇਸ ਤਸਕਰੀ ਪਿੱਛੇ ਪਾਕਿਸਤਾਨ ਦਾ ਹਾਦੀ ਸਲੀਮ ਨੈੱਟਵਰਕ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਦੀ ਕੀਮਤ 1200 ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ।
ਐਨਸੀਬੀ ਦੇ ਡਿਪਟੀ ਡਾਇਰੈਕਟਰ ਜਨਰਲ (ਡੀਡੀਜੀ) ਸੰਜੇ ਕੁਮਾਰ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਸਾਰੇ ਈਰਾਨ ਦੇ ਰਹਿਣ ਵਾਲੇ ਹਨ। ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਡੀਡੀਜੀ ਸੰਜੇ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਦੀ ਪੈਕਿੰਗ ਵਾਟਰ ਪਰੂਫ਼ ਹੈ। ਇਹ ਪੈਕੇਟ ਸੱਤ ਪਰਤਾਂ ਵਿੱਚ ਪੈਕ ਕੀਤੇ ਗਏ ਸਨ। ਇਹ ਨਸ਼ੀਲੇ ਪਦਾਰਥ ਪਾਕਿਸਤਾਨ ਦੇ ਹਾਦੀ ਸਲੀਮ ਨੈੱਟਵਰਕ ਵੱਲੋਂ ਸਪਲਾਈ ਕੀਤੇ ਜਾਂਦੇ ਸਨ। ਹਾਦੀ ਸਲੀਮ ਭਾਰਤ ਅਤੇ ਹੋਰ ਦੇਸ਼ਾਂ ਨੂੰ ਹੈਰੋਇਨ, ਚਰਸ, ਮੇਥਾਮਫੇਟਾਮਾਈਨ ਸਪਲਾਈ ਕਰਦਾ ਹੈ।
ਮੁਲਜ਼ਮਾਂ ਕੋਲੋਂ 3 ਸਮਾਰਟ ਫੋਨ ਜ਼ਬਤ ਕੀਤੇ ਗਏ ਹਨ, ਜੋ ਕਿ ਈਰਾਨ ਦੇ ਹਨ। ਅਜੇ ਤੱਕ ਇਸ ਮਾਮਲੇ 'ਚ ਕਿਸੇ ਅੱਤਵਾਦੀ ਨਾਲ ਕੋਈ ਸਬੰਧ ਨਹੀਂ ਪਾਇਆ ਗਿਆ ਹੈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਹ ਈਰਾਨ ਦੇ ਕੋਨਾਰਕ ਇਲਾਕੇ ਦੇ ਰਹਿਣ ਵਾਲੇ ਹਨ।