
ਖ਼ੁਦ ਨੂੰ ਦਸਿਆ ਬੇਕਸੂਰ, ਸਜ਼ਾ ਵਿਰੁਧ ਕਰੇਗੀ ਅਪੀਲ
ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼): ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ’ਚ ਅਪਣੇ ਐਨ.ਆਰ.ਆਈ. ਪਤੀ ਦੇ ਕਤਲ ਦੇ ਦੋਸ਼ ’ਚ ਜ਼ਿਲ੍ਹਾ ਅਦਾਲਤ ਵਲੋਂ ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਬ੍ਰਿਟਿਸ਼ ਨਾਗਰਿਕ ਰਮਨਦੀਪ ਕੌਰ ਦੀ ਸ਼ਨਿਚਰਵਾਰ ਦੀ ਰਾਤ ਬੇਚੈਨੀ ਭਰੀ ਲੰਘੀ। ਉਸ ਨੇ ਅਪਣੀ ਬੇਗੁਨਾਹੀ ਦਾ ਦਾਅਵਾ ਕਰਦਿਆਂ ਦੋਸ਼ ਲਾਇਆ ਕਿ ਉਸ ਦੇ ਮ੍ਰਿਤਕ ਪਤੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਫਸਾਇਆ ਹੈ।
ਸ਼ਾਹਜਹਾਂਪੁਰ ਜ਼ਿਲ੍ਹਾ ਜੇਲ੍ਹ ਦੇ ਸੁਪਰਡੈਂਟ ਮਿਜ਼ਾਜੀ ਲਾਲ ਨੇ ਦਸਿਆ, ‘‘ਅਦਾਲਤ ਵਲੋਂ ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਰਮਨਦੀਪ ਕੌਰ ਅਤੇ ਉਸੇ ਕੇਸ ’ਚ ਉਮਰ ਕੈਦ ਦੀ ਸਜ਼ਾ ਪਾਉਣ ਵਾਲੇ ਉਸ ਦੇ ਦੋਸਤ ਗੁਰਪ੍ਰੀਤ ਸਿੰਘ ਨੂੰ ਸ਼ਨਿਚਰਵਾਰ ਨੂੰ ਜ਼ਿਲ੍ਹਾ ਜੇਲ੍ਹ ਲਿਆਂਦਾ ਗਿਆ।’’ ਲਾਲ ਨੇ ਕਿਹਾ, ‘‘ਰਮਨਦੀਪ ਦੀ ਨਿਗਰਾਨੀ ਲਈ ਦੋ ਔਰਤ ਕੈਦੀਆਂ ਅਤੇ ਇਕ ਔਰਤ ਕਾਂਸਟੇਬਲ ਨੂੰ ਤਾਇਨਾਤ ਕੀਤਾ ਗਿਆ ਹੈ। ਸ਼ਨਿਚਰਵਾਰ ਰਾਤ ਨੂੰ ਜਦੋਂ ਉਸ ਨੂੰ ਰਾਤ ਦੇ ਖਾਣੇ ਲਈ ‘ਦਾਲ’, ‘ਸਬਜ਼ੀ’ ਅਤੇ ‘ਰੋਟੀ’ ਦਿਤੀ ਗਈ ਤਾਂ ਉਸ ਨੇ ਨਹੀਂ ਖਾਧੀ।’’ ਲਾਲ ਨੇ ਕਿਹਾ, ‘‘ਇਸ ਤੋਂ ਬਾਅਦ ਜਦੋਂ ਜੇਲ੍ਹ ਦੀਆਂ ਦੋ ਔਰਤ ਕੈਦੀਆਂ ਨੇ ਉਸ ਨੂੰ ਸਮਝਾਇਆ ਤਾਂ ਉਸ ਨੇ ਖਾਣਾ ਖਾ ਲਿਆ। ਉਹ ਸਾਰੀ ਰਾਤ ਬੇਚੈਨ ਰਹੀ ਅਤੇ ਕਈ ਵਾਰ ਜਾਗੀ।’’
ਜੇਲ੍ਹ ਸੁਪਰਡੈਂਟ ਨੇ ਰਮਨਦੀਪ ਕੌਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਦੇ ਪਰਿਵਾਰਕ ਮੈਂਬਰ ਲਖਨਊ ’ਚ ਹਨ ਅਤੇ ਜਦੋਂ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾਇਆ ਸੀ ਉਦੋਂ ਵੀ ਉਹ ਲਖਨਊ ’ਚ ਹੀ ਸਨ। ਲਾਲ ਨੇ ਇਹ ਵੀ ਕਿਹਾ, ‘‘ਜਦੋਂ ਉਸ (ਰਮਨਦੀਪ ਕੌਰ) ਤੋਂ ਪੁਛਿਆ ਗਿਆ ਕਿ ਉਸ ਨੇ ਇਹ ਘਿਨੌਣਾ ਅਪਰਾਧ ਕਿਉਂ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਬੇਕਸੂਰ ਹੈ। ਉਸ ਦਾ ਪਤੀ (ਸੁਖਜੀਤ ਸਿੰਘ) ਅਪਣੀ ਸਾਰੀ ਜਾਇਦਾਦ ਵੇਚ ਕੇ ਇੰਗਲੈਂਡ ਜਾਣਾ ਚਾਹੁੰਦਾ ਸੀ, ਇਸ ਲਈ ਉਸ ਦੇ ਹੀ ਪਰਿਵਾਰਕ ਮੈਂਬਰਾਂ ਨੇ ਉਸ ਦਾ ਕਤਲ ਕਰ ਦਿਤਾ। ਉਸ ਨੂੰ ਗਲਤ ਤਰੀਕੇ ਨਾਲ ਫਸਾਇਆ ਗਿਆ ਹੈ। ਉਸ ਨੇ ਕਿਹਾ ਕਿ ਉਹ ਬੇਕਸੂਰ ਹੈ, ਅਤੇ ਉਹ ਉਸ ਨੂੰ ਦਿਤੀ ਗਈ ਫਾਂਸੀ ਦੀ ਸਜ਼ਾ ਵਿਰੁਧ ਅਪੀਲ ਕਰੇਗੀ।’’ ਵਧੀਕ ਜ਼ਿਲ੍ਹਾ ਸਰਕਾਰੀ ਵਕੀਲ ਸ੍ਰੀਪਾਲ ਵਰਮਾ ਨੇ ਦਸਿਆ ਕਿ ਸੁਖਜੀਤ ਦੇ ਕਤਲ ਤੋਂ ਬਾਅਦ ਰਮਨਦੀਪ ਦੇ ਮਾਤਾ-ਪਿਤਾ ਨੇ ਅਪਣੇ ਪੋਤੇ-ਪੋਤੀਆਂ ਨੂੰ ਸੌਂਪਣ ਦੀ ਮੰਗ ਨੂੰ ਲੈ ਕੇ ਇੰਗਲੈਂਡ ਦੀ ਇਕ ਅਦਾਲਤ ਵਿਚ ਪਹੁੰਚ ਕੀਤੀ ਸੀ। ਹਾਲਾਂਕਿ ਅਦਾਲਤ ਨੇ ਉਸ ਦੀ ਅਰਜ਼ੀ ਰੱਦ ਕਰ ਦਿਤੀ ਸੀ।
ਮੈਂ ਰਾਹਤ ਮਹਿਸੂਸ ਕਰ ਰਹੀ ਹਾਂ : ਮ੍ਰਿਤਕ ਸੁਖਜੀਤ ਸਿੰਘ ਦੀ ਮਾਂ
ਮਾਮਲੇ ਦੇ ਫੈਸਲੇ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਸੁਖਜੀਤ ਦੀ ਮਾਂ ਵੰਸ਼ਜੀਤ ਕੌਰ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਰਾਹਤ ਮਹਿਸੂਸ ਕਰ ਰਹੀ ਹਾਂ। ਮੈਨੂੰ ਅਦਾਲਤ ਤੋਂ ਜੋ ਉਮੀਦ ਸੀ, ਉਹੀ ਮਿਲਿਆ। ਮੈਂ ਰਮਨਦੀਪ ਲਈ ਮੌਤ ਦੀ ਸਜ਼ਾ ਦੀ ਮੰਗ ਕਰ ਰਹੀ ਸੀ। ਤਾਂ ਜੋ ਕਿਸੇ ਮਾਂ ਦਾ ਬੱਚਾ ਇਸ ਤਰ੍ਹਾਂ ਨਾ ਮਰੇ।’’
ਕੀ ਹੈ ਮਾਮਲਾ?
ਸੱਤ ਸਾਲ ਪਹਿਲਾਂ ਐਨ.ਆਰ.ਆਈ. ਸੁਖਜੀਤ ਸਿੰਘ ਦੇ ਕਤਲ ਦੇ ਮਾਮਲੇ ’ਚ ਸ਼ਾਹਜਹਾਨਪੁਰ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪੰਕਜ ਕੁਮਾਰ ਸ੍ਰੀਵਾਸਤਵ ਨੇ ਸੁਖਜੀਤ ਦੀ ਪਤਨੀ ਬਰਤਾਨਵੀ ਨਾਗਰਿਕ ਰਮਨਦੀਪ ਕੌਰ ਅਤੇ ਉਸ ਦੇ ਦੋਸਤ ਗੁਰਪ੍ਰੀਤ ਸਿੰਘ ਨੂੰ ਸ਼ਨਿਚਰਵਾਰ ਨੂੰ ਦੋਸ਼ੀ ਕਰਾਰ ਦਿੰਦਿਆਂ ਰਮਨਦੀਪ ਕੌਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਦਕਿ ਗੁਰਪ੍ਰੀਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸੁਖਜੀਤ ਕਤਲ ਕੇਸ ’ਚ ਉਸ ਦੇ ਪੁੱਤਰ ਅਰਜੁਨ ਦੀ ਗਵਾਹੀ ਬਹੁਤ ਅਹਿਮ ਸਾਬਤ ਹੋਈ। ਅਰਜੁਨ ਨੇ ਅਦਾਲਤ ਨੂੰ ਅਪਣੀ ਗਵਾਹੀ ’ਚ ਦਸਿਆ ਕਿ ਘਟਨਾ ਵਾਲੀ ਰਾਤ ਉਹ ਅਪਣੇ ਪਿਤਾ ਨਾਲ ਸੌਂ ਰਿਹਾ ਸੀ ਜਦੋਂ ਉਸ ਦੀ ਮਾਂ ਨੇ ਸਿਰਹਾਣੇ ਨਾਲ ਉਸ ਦੇ ਪਤੀ ਦਾ ਦਮ ਘੁੱਟ ਦਿਤਾ ਅਤੇ ਰੌਲਾ ਸੁਣ ਕੇ ਉਸ ਦੀ ਅੱਖ ਖੁੱਲ੍ਹ ਗਈ। ਫਿਰ ਗੁਰਪ੍ਰੀਤ ਨੇ ਸੁਖਜੀਤ ਦੇ ਸਿਰ ’ਤੇ ਹਥੌੜੇ ਨਾਲ ਵਾਰ ਕੀਤਾ। ਇਸ ਤੋਂ ਬਾਅਦ ਗੁਰਪ੍ਰੀਤ ਨੇ ਅਪਣੀ ਜੇਬ ’ਚੋਂ ਚਾਕੂ ਕੱਢ ਕੇ ਰਮਨਦੀਪ ਨੂੰ ਦੇ ਦਿਤਾ, ਜਿਸ ਨੇ ਸੁਖਜੀਤ ਦਾ ਗਲ ਵੱਢ ਦਿਤਾ ਸੀ।