
ਲੱਦਾਖ ’ਚ ਤਿੰਨ ਸਾਲ ਤੋਂ ਚੱਲ ਰਹੇ ਸਰਹੱਦੀ ਰੇੜਕੇ ਵਿਚਕਾਰ ਚੁਕਿਆ ਗਿਆ ਕਦਮ
ਨਵੀਂ ਦਿੱਲੀ: ਭਾਰਤ ਦੀ ਟੈਰੀਟੋਰੀਅਲ ਆਰਮੀ (ਇਲਾਕਾਈ ਫ਼ੌਜ) ਨੇ ਮੈਡਰਿਨ ਭਾਸ਼ਾ ਦੇ ਮਾਹਰਾਂ ਦੇ ਇਕ ਬੈਚ ਦੀ ਭਰਤੀ ਕੀਤੀ ਹੈ ਅਤੇ ਉਨ੍ਹਾਂ ਨੂੰ ਅਗਲੇਰੇ ਇਲਾਕਿਆਂ ’ਚ ਤੈਨਾਤ ਕੀਤਾ ਗਿਆ ਹੈ। ਇਸ ਕਦਮ ਦਾ ਮਕਸਦ ਚੀਨ ਦੀ ਫ਼ੌਜ ਨਾਲ ਸਰਹੱਦੀ ਮਾਮਲਿਆਂ ’ਤੇ ਗੱਲਬਾਤ ਦੌਰਾਨ ਭਾਰਤੀ ਧਿਰ ਦੀ ਭਾਸ਼ਾਈ ਸਮਰਥਾ ਨੂੰ ਵਧਾਉਣਾ ਹੈ।
ਸੂਤਰਾਂ ਨੇ ਕਿਹਾ ਕਿ ਇਸ ਦੇ ਨਾਲ ਹੀ ਟੈਰੀਟੋਰੀਅਲ ਆਰਮੀ ਕੁਝ ਸਾਇਬਰ ਸੁਰਖਿਆ ਮਾਹਰਾਂ ਦੀ ਨਿਯੁਕਤੀ ਬਾਰੇ ਗੱਲਬਾਤ ਕਰ ਰਹੀ ਹੈ ਅਤੇ ਉਸ ਨੇ ਇਸ ਲਈ ‘ਮਾਨਦੰਡ ਤਿਆਰ’ ਕਰ ਲਏ ਹਨ। ਜੰਗ ਅਤੇ ਸ਼ਾਂਤੀ ਦੇ ਸਮੇਂ ’ਚ ਦੇਸ਼ ’ਚ ਸੇਵਾਵਾਂ ਦੇਣ ਵਾਲੀ ਭਾਰਤ ਦੀ ਟੈਰੀਟੋਰੀਅਲ ਆਰਮੀ ਦਾ ਸੋਮਵਾਰ ਨੂੰ 75ਵਾਂ ਸਥਾਪਨਾ ਦਿਹਾੜਾ ਹੈ। ਰਖਿਆ ਨਾਲ ਜੁੜੇ ਇਕ ਸੂਤਰ ਨੇ ਕਿਹਾ ਕਿ ਪੰਜ ਮਾਹਰਾਂ ਦਾ ਸਮੂਹ ਸਰਹੱਦੀ ਮੁਲਾਜ਼ਮਾਂ ਦੀਆਂ ਬੈਠਕਾਂ ਦੌਰਾਨ ਭਾਰਤ ਅਤੇ ਚੀਨ ਦੇ ਅਧਿਕਾਰੀਆਂ ਵਿਚਕਾਰ ਦੁਭਾਸ਼ੀਆਂ ਦੀ ਭੂਮਿਕਾ ਨਿਭਾਏਗਾ।
ਉਨ੍ਹਾਂ ਕਿਹਾ, ‘‘ਇਹ ਮਾਹਰ ਭਾਰਤੀ ਫ਼ੌਜ ਨੂੰ ਇਹ ਸਮਝਣ ’ਚ ਮਦਦ ਕਰਨਗੇ ਕਿ ਚੀਨੀ ਫ਼ੌਜ ਵਲੋਂ ਅਸਲ ’ਚ ਕੀ ਕਿਹਾ ਜਾ ਰਿਹਾ ਹੈ। ਇਸ ਨਾਲ ਪੂਰੇ ਦ੍ਰਿਸ਼ ਨੂੰ ਭਾਰਤ ਦੇ ਦ੍ਰਿਸ਼ਟੀਕੋਣ ਨਾਲ ਸਮਝਣ ’ਚ ਮਦਦ ਮਿਲੇਗੀ।’’ ਇਕ ਹੋਰ ਸੂਤਰ ਨੇ ਦਸਿਆ ਕਿ ਬੀ.ਪੀ.ਐਮ.ਐੱਸ. ’ਚ ਭਾਰਤੀ ਫੌਜ ਦੀ ਮਦਦ ਕਰਨ ਤੋਂ ਇਲਾਵਾ ਇਨ੍ਹਾਂ ਲੋਕਾਂ ਨੂੰ ਹੋਰ ਨੌਕਰੀਆਂ ’ਚ ਵੀ ਤਾਇਨਾਤ ਕੀਤਾ ਜਾ ਸਕਦਾ ਹੈ।
ਇਹ ਕਦਮ ਪੂਰਬੀ ਲੱਦਾਖ ’ਚ 5 ਮਈ, 2020 ਨੂੰ ਲੱਦਾਖ ਦੇ ਪੈਂਗੌਂਗ ਝੀਲ ਖੇਤਰ ’ਚ ਦੋਹਾਂ ਦੇਸ਼ਾਂ ਦੇ ਫ਼ੌਜੀਆਂ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਤਿੰਨ ਸਾਲ ਤੋਂ ਚੱਲ ਰਹੇ ਰੇੜਕੇ ਵਿਚਕਾਰ ਚੁਕਿਆ ਗਿਆ ਹੈ। ਪੂਰਬੀ ਲੱਦਾਖ ’ਚ ਕਈ ਥਾਵਾਂ ’ਤੇ ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਤਿੰਨ ਸਾਲਾਂ ਤੋਂ ਟਕਰਾਅ ਚਲ ਰਿਹਾ ਹੈ। ਹਾਲਾਂਕਿ ਦੋਵਾਂ ਧਿਰਾਂ ਨੇ ਕਈ ਦੌਰ ਦੀ ਕੂਟਨੀਤਕ ਅਤੇ ਫੌਜੀ ਪੱਧਰ ਦੀ ਗੱਲਬਾਤ ਤੋਂ ਬਾਅਦ ਕਈ ਖੇਤਰਾਂ ਤੋਂ ਅਪਣੀਆਂ ਫੌਜਾਂ ਨੂੰ ਵਾਪਸ ਬੁਲਾਉਣ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ।
ਸੂਤਰਾਂ ਅਨੁਸਾਰ ਬਦਲਦੇ ਸਮੇਂ ਦੇ ਨਾਲ ਤਾਲਮੇਲ ਰੱਖਣ ਲਈ, ਟੀ.ਏ. ਯੂਨਿਟਾਂ (ਇਸ ਵੇਲੇ ਲਗਭਗ 60 ਯੂਨਿਟ) ਵੀ ਆਧੁਨਿਕੀਕਰਨ ਕਰ ਰਹੀਆਂ ਹਨ ਅਤੇ ਅਪਣੇ ਆਪ ਨੂੰ ਮੌਜੂਦਾ ਮਾਹੌਲ ਅਨੁਸਾਰ ਢਾਲਣ ਲਈ ਕਈ ਕਦਮ ਚੁਕ ਰਹੀਆਂ ਹਨ। ਉਨ੍ਹਾਂ ਕਿਹਾ, ‘‘ਇਸ ਸਾਲ ਪੰਜ ਚੀਨੀ ਭਾਸ਼ਾ (ਮੈਂਡਰਿਨ) ਮਾਹਰਾਂ ਦੀ ਭਰਤੀ ਅਜਿਹਾ ਹੀ ਇਕ ਕਦਮ ਹੈ।’’ ਨਿਯੁਕਤ ਕੀਤੇ ਗਏ ਇਨ੍ਹਾਂ ਮਾਹਰਾਂ ਦੀ ਔਸਤ ਉਮਰ 30 ਸਾਲ ਹੈ।